Farmer protests: ਦਿੱਲੀ-ਨੋਇਡਾ ਸਰਹੱਦ ‘ਤੇ ਚਿੱਲਾ ਬਾਰਡਰ ‘ਤੇ ਧਰਨੇ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਸ਼ਨੀਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਹੈ । ਇਸ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਸਨ । ਯੂਨੀਅਨ ਨੇ 18 ਸੂਤਰੀ ਮੰਗਾਂ ਦਾ ਮੰਗ ਪੱਤਰ ਵੀ ਸੌਂਪਿਆ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਪੂਰੀਆਂ ਕੀਤੀਆਂ ਜਾਣ ਦੀ ਮੰਗ ਕੀਤੀ । ਗੌਰਤਲਬ ਹੈ ਕਿ ਭਾਨੂ ਗੁੱਟ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ।
ਪ੍ਰਧਾਨ ਮੰਤਰੀ ਦੇ ਨਾਮ ਸੌਂਪੇ ਗਏ ਆਪਣੇ ਮੈਮੋਰੰਡਮ ਵਿੱਚ ਯੂਨੀਅਨ ਨੇ ਕਿਸਾਨ ਕਮਿਸ਼ਨ ਦਾ ਗਠਨ ਕਰ ਕੇ ਸਾਰੀਆਂ ਫਸਲਾਂ ਲਈ MSP ਤੈਅ ਕਰਨ ਦੀ ਮੰਗ ਕੀਤੀ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੂੰ ਦੁਹਰਾਇਆ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਰੀਆਂ ਮੰਗਾਂ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ । ਇਸ ਤੋਂ ਬਾਅਦ ਵਿਰੋਧ ਕਰ ਰਹੇ ਕਿਸਾਨਾਂ ਨੇ ਫਿਰ ਚਿੱਲਾ ਬਾਰਡਰ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ । ਇਸ ਬਾਰੇ ਇੱਕ ਕਿਸਾਨ ਨੇ ਕਿਹਾ, “ਸਾਡੇ ਕਿਸਾਨ ਨੇਤਾ ਨੇ ਰੱਖਿਆ ਮੰਤਰੀ ਅਤੇ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕੀਤੀ । ਉਨ੍ਹਾਂ ਕਿਹਾ ਕਿ ਇਨ੍ਹਾਂ ਮੰਤਰੀਆਂ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਇਸੇ ਲਈ ਅਸੀਂ ਰਸਤਾ ਖੋਲ੍ਹ ਦਿੱਤਾ ਹੈ।”
ਜਿਸ ਤੋਂ ਬਾਅਦ ਦੇਰ ਰਾਤ ਨੋਇਡਾ ਤੋਂ ਦਿੱਲੀ ਜਾਣ ਵਾਲੀ ਸੜਕ ‘ਤੇ ਲੱਗੇ ਬੈਰੀਕੇਡ ਹਟਾਏ ਗਏ ਤੇ ਡਰਾਈਵਰਾਂ ਨੇ ਇਸ ਰਸਤੇ ਨੂੰ ਦਿੱਲੀ ਜਾਣ ਲਈ ਵਰਤਣਾ ਸ਼ੁਰੂ ਕਰ ਦਿੱਤਾ । ਚਿੱਲਾ ਬਾਰਡਰ ਬੰਦ ਰਹਿਣ ਕਾਰਨ ਦਿੱਲੀ ਜਾਣ ਲਈ ਗੱਡੀਆਂ ਨੂੰ ਡੀਐਨਡੀ ਅਤੇ ਕਾਲਿੰਦੀ ਕੁੰਜ ਵਿੱਚੋਂ ਲੰਘਣਾ ਪੈ ਰਿਹਾ ਸੀ ।
ਉੱਥੇ ਹੀ ਦੂਜੇ ਪਾਸੇ ਸਿੰਘੂ ਬਾਰਡਰ ‘ਤੇ ਡਟੇ ਕਿਸਾਨ ਨੇਤਾਵਾਂ ਨੇ ਸ਼ਨੀਵਾਰ ਨੂੰ ਆਪਣੀਆਂ ਮੰਗਾਂ ਕਾਇਮ ਰੱਖਦਿਆਂ ਕਿਹਾ ਕਿ ਉਹ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਨ, ਪਰ ਪਹਿਲਾਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ‘ਤੇ ਗੱਲਬਾਤ ਕੀਤੀ ਜਾਵੇਗੀ । ਕਿਸਾਨਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਯੂਨੀਅਨਾਂ ਦੇ ਨੁਮਾਇੰਦੇ 14 ਦਸੰਬਰ ਨੂੰ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਦੌਰਾਨ ਭੁੱਖ ਹੜਤਾਲ ‘ਤੇ ਬੈਠਣਗੇ । ਸਿੰਘੂ ਬਾਰਡਰ ‘ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਸਾਨ ਆਗੂ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਹਾ ਕਿ ਹਜ਼ਾਰਾਂ ਕਿਸਾਨ ਐਤਵਾਰ ਨੂੰ ਰਾਜਸਥਾਨ ਦੇ ਸ਼ਾਹਜਹਾਂਪੁਰ ਤੋਂ ਜੈਪੁਰ-ਦਿੱਲੀ ਹਾਈਵੇ ‘ਤੇ ਸਵੇਰੇ 11 ਵਜੇ ਆਪਣੇ ਟਰੈਕਟਰਾਂ ਤੋਂ ‘ਦਿੱਲੀ ਚਲੋ’ ਮਾਰਚ ਸ਼ੁਰੂ ਕਰਨਗੇ ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਅੰਦੋਲਨ ਨੂੰ ਤੇਜ਼ ਕਰਨ ਦੀ ਰਣਨੀਤੀ ਸਾਂਝੇ ਕਰਦਿਆਂ ਕਿਸਾਨ ਆਗੂ ਨੇ ਐਲਾਨ ਕੀਤਾ ਕਿ ਹੁਣ ਉਨ੍ਹਾਂ ਦੀਆਂ ਮਾਂਵਾਂ, ਭੈਣਾਂ ਅਤੇ ਧੀਆਂ ਵੀ ਜਲਦੀ ਹੀ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣਗੀਆਂ । ਪ੍ਰਦਰਸ਼ਨ ਸਥਾਨਾਂ ‘ਤੇ ਉਨ੍ਹਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਜਾ ਰਹੇ ਹਨ । ਕਿਸਾਨ ਆਗੂ ਪੰਨੂ ਨੇ ਕਿਹਾ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਕਿਸਾਨ ਇੱਥੇ ਆ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਅੰਦੋਲਨ ਨੂੰ ਅਗਲੇ ਪੱਧਰ ‘ਤੇ ਲੈ ਜਾਣਗੇ ।