Tons of heavy stones planted on Khanauri border : ਪੰਜਾਬ ਤੋਂ ਦਿੱਲੀ ਜਾਣ ਵਾਲੀਆਂ ਟਰਾਲੀਆਂ ਦੇ ਵੱਡੇ ਕਾਫਿਲੇ ਜਾਣ ਦੀ ਸੂਚਨਾ ‘ਤੇ, ਹਰਿਆਣਾ ਸਰਕਾਰ ਨੇ ਇਕ ਵਾਰ ਫਿਰ ਖਨੌਰੀ-ਹਰਿਆਣਾ ਬਾਰਡਰ ‘ਤੇ ਸੜਕਾਂ ਦੇ ਵਿਚਕਾਰ ਪੱਥਰ ਰੱਖ ਕੇ ਕਿਸਾਨਾਂ ਦਾ ਰਾਹ ਰੋਕ ਦਿੱਤਾ। ਇਸ ਨੂੰ ਉਥੋਂ ਲੰਘ ਰਹੇ ਕਿਸਾਨਾਂ ਨੇ ਪਿੰਡ ਦਾਤਾ ਸਿੰਘ ਵਾਲਾ ਦੇ ਲੋਕਾਂ ਦੀ ਮਦਦ ਨਾਲ ਪੱਥਰਾਂ ਨੂੰ ਉਖਾੜ ਸੁੱਟਿਆ। ਕੁਝ ਕਿਸਾਨਾਂ ਤਾਂ ਪੱਥਰਾਂ ਨੂੰ ਆਪਣੇ ਟਰੈਕਟਰ ਨਾਲ ਬੰਨ੍ਹ ਕੇ ਕਈ ਮੀਟਰ ਤੱਕ ਘਸੀਟ ਕੇ ਲੈ ਗਏ। ਭਾਰਤੀ ਕਿਸਾਨ ਯੂਨੀਅਨ ਨੇ ਦੋਸ਼ ਲਗਾਇਆ ਕਿ ਖੱਟਰ ਸਰਕਾਰ ਵਾਰ-ਵਾਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨਾਂ ਦੇ ਸੈਲਾਬ ਨੂੰ ਰੋਕਣਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਹੈ।
ਸ਼ਨੀਵਾਰ ਦੀ ਸਵੇਰ ਜਦੋਂ ਕਿਸਾਨਾਂ ਦਾ ਕਾਫਲਾ ਖਨੌਰੀ ਸਰਹੱਦ ‘ਤੇ ਪਹੁੰਚਿਆ ਤਾਂ ਕਿਸਾਨਾਂ ਨੇ ਰਸਤੇ ਵਿੱਚ ਵੱਡੇ ਪੱਥਰ, ਜੇਸੀਬੀ ਮਸ਼ੀਨਾਂ ਅਤੇ ਪੁਲਿਸ ਫੋਰਸ ਦੇਖੀ। ਹਾਲਾਂਕਿ ਪੱਥਰ ਇਸ ਤਰੀਕੇ ਨਾਲ ਰੱਖੇ ਗਏ ਸਨ ਕਿ ਇਕ ਸਮੇਂ ਵਿਚ ਸਿਰਫ ਇਕ ਵਾਹਨ ਲੰਘ ਸਕਦਾ ਸੀ, ਪਰ ਉਸ ਰਸਤੇ ਵਿਚੋਂ ਕੰਬਾਈਨ ਅਤੇ ਵੱਡੇ ਕਾਫਿਲੇ ਲੰਘਣਾ ਮੁਸ਼ਕਲ ਸੀ। ਅਜਿਹੀ ਸਥਿਤੀ ਵਿਚ ਕਿਸਾਨ ਮੌਕੇ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਸੂਚਨਾ ਮਿਲਦਿਆਂ ਹੀ ਪਿੰਡ ਦਾਤਾ ਸਿੰਘ ਵਾਲਾ ਦੇ ਕਿਸਾਨ ਵੀ ਟਰੈਕਟਰ ਪਹੁੰਚ ਗਏ, ਜਿਸ ਤੋਂ ਬਾਅਦ ਕਿਸਾਨਾਂ ਨੇ ਇਕ ਘੰਟੇ ਵਿਚ ਟਰੈਕਟਰ ਦੀ ਮਦਦ ਨਾਲ ਰਸਤਾ ਸਾਫ਼ ਕਰ ਦਿੱਤਾ। ਇਸ ਤੋਂ ਬਾਅਦ ਖਨੌਰੀ ਸਰਹੱਦ ਤੋਂ ਤਕਰੀਬਨ 250 ਟਰਾਲੀਆਂ ਅਤੇ ਕਾਰਾਂ ਅਤੇ ਫਿਰੋਜ਼ਪੁਰ ਦੇ ਕਿਸਾਨ, ਸ਼ੰਭੂ ਸਰਹੱਦ ਤੋਂ 200 ਟਰਾਲੀਆਂ ਅਤੇ ਹੋਰ ਗੱਡੀਆਂ ਵਿੱਚ 2000 ਤੋਂ ਵੱਧ ਕਿਸਾਨ ਦਿੱਲੀ ਰਵਾਨਾ ਹੋਏ।
ਦੱਸਣਯੋਗ ਹੈ ਕਿ ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦਾ ਸੰਘਰਸ਼ ਦਾ ਅੱਜ ਦਿੱਲੀ ਬਾਰਡਰਾਂ ’ਤੇ 18ਵਾਂ ਦਿਨ ਹੈ। ਉਨ੍ਹਾਂ ਦਾ ਅੰਦੋਲਨ ਹੋਰ ਵੀ ਤੇਜ਼ ਹੁੰਦਾ ਦਿਖਾਈ ਦੇ ਰਿਹਾ ਹੈ। ਵੱਡੀ ਗਿਣਤੀ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੇ ਹਨ। ਇਥੇ ਜਾਰੀ ਇੱਕ ਬਿਆਨ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਇੱਕ ਲੱਖ ਕਿਸਾਨ ਸੂਬੇ ਤੋਂ ਦੋ ਹਜ਼ਾਰ ਵਾਹਨਾਂ ਵਿੱਚ ਦਿੱਲੀ ਪਹੁੰਚੇ ਹਨ। ਉਮੀਦ ਤੋਂ ਵੱਧ ਕਿਸਾਨ ਜਥੇ ਅੰਦੋਲਨ ਵਿਚ ਸ਼ਾਮਲ ਹੋਏ ਹਨ।