Protesting Farmers block: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 18ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ । ਇਸੇ ਵਿਚਾਲੇ ਕਿਸਾਨ ਆਗੂ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਐਤਵਾਰ ਨੂੰ ਰਾਜਸਥਾਨ ਦੇ ਹਜ਼ਾਰਾਂ ਕਿਸਾਨ ਅੰਦੋਲਨ ਦੇ ਸਮਰਥਨ ਲਈ ਦਿੱਲੀ ਕੂਚ ਕਰਨਗੇ ਤੇ ਉਹ ਜੈਪੁਰ-ਦਿੱਲੀ ਹਾਈਵੇ ਨੂੰ ਜਾਮ ਕਰ ਦੇਣਗੇ। ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਰਾਜਸਥਾਨ ਦੇ ਸ਼ਾਹਜਹਾਨਪੁਰ ਵਿੱਚ ਹਰਿਆਣਾ ਬਾਰਡਰ ਨੇੜੇ ਜਾਮ ਲਗਾ ਦਿੱਤਾ ਹੈ। ਇਸ ਕਾਰਨ ਦਿੱਲੀ ਜੈਪੁਰ ਨੈਸ਼ਨਲ ਹਾਈਵੇ ਜਾਮ ਹੋ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਬਹਿਰੋਡ ਤੋਂ ਗੱਡੀਆਂ ਨੂੰ ਡਾਈਵਰਟ ਕਰ ਦਿੱਤਾ ਹੈ । ਕਿਸਾਨਾਂ ਦੇ ਜਾਮ ਕਾਰਨ ਹਾਈਵੇ ‘ਤੇ ਲੰਬਾ ਜਾਮ ਲੱਗ ਗਿਆ ਹੈ।
ਦਰਅਸਲ, ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 18ਵਾਂ ਦਿਨ ਹੈ। ਇੱਕ ਪਾਸੇ ਜਿੱਥੇ ਕਿਸਾਨ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾਵੇਗਾ । ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿੱਚ ਪੰਜਾਬ ਭਾਜਪਾ ਦੇ ਨੇਤਾਵਾਂ ਨਾਲ ਮੀਟਿੰਗ ਸੱਦੀ ਹੈ । ਇਸ ਮੀਟਿੰਗ ਵਿੱਚ ਅਸ਼ਵਨੀ ਸ਼ਰਮਾ, ਸੋਮਪ੍ਰਕਾਸ਼ ਸਮੇਤ ਪੰਜਾਬ ਭਾਜਪਾ ਦੇ ਕਈ ਨੇਤਾ ਇਸ ਮੀਟਿੰਗ ਵਿੱਚ ਸ਼ਾਮਿਲ ਹਨ।
ਦੱਸ ਦੇਈਏ ਕਿ ਜੈਪੁਰ ਤੋਂ ਕਿਸਾਨਾਂ ਦੇ ਕੂਚ ਦੀ ਖਬਰ ਤੋਂ ਹਰਿਆਣਾ ਪੁਲਿਸ ਅਲਰਟ ‘ਤੇ ਹੈ। ਰੇਵਾੜੀ ਦੇ ਐਸਪੀ ਅਭਿਸ਼ੇਕ ਜੋਰਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਰਾਜਸਥਾਨ ਪੁਲਿਸ ਨਾਲ ਲਗਾਤਾਰ ਤਾਲਮੇਲ ਬਣਾਈ ਰੱਖ ਰਹੀ ਹੈ । ਇੱਥੇ ਧਾਰਾ-144 ਲਾਗੂ ਕੀਤੀ ਗਈ ਹੈ। ਇਸ ਲਈ ਉਨ੍ਹਾਂ ਨੂੰ ਨਾ ਤਾਂ ਇੱਥੇ ਇਕੱਠੇ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਅੱਗੇ ਵਧਣ ਦਿੱਤਾ ਜਾਵੇਗਾ ।
ਇਹ ਵੀ ਦੇਖੋ: ਦਿੱਲੀ ਘੇਰਨ ਦੀ ਕਿਸਾਨਾਂ ਦੇ ਖਿੱਚ ਲਈ ਤਿਆਰੀ, ਸੁਣੋ ਕਿਸਾਨ ਸਟੇਜ ਤੋਂ Live