Assam Govt madrasas schools: ਅਸਾਮ ਦੀ ਸਰਬੰਦ ਸੋਨੋਵਾਲ ਸਰਕਾਰ ਨੇ ਐਤਵਾਰ ਨੂੰ ਰਾਜ ਦੇ ਸਾਰੇ ਸਰਕਾਰੀ ਮਦਰੱਸਿਆਂ ਅਤੇ ਸੰਸਕ੍ਰਿਤ ਸਕੂਲ ਬੰਦ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਇਹ ਫੈਸਲਾ ਐਤਵਾਰ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਵਿਧਾਨ ਸਭਾ ਦੇ ਆਗਾਮੀ ਸਰਦ ਰੁੱਤ ਸੈਸ਼ਨ ਵਿੱਚ ਇੱਕ ਬਿੱਲ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਅਸਾਮ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ 28 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਅਤੇ ਅਸਾਮ ਸਰਕਾਰ ਵਿੱਚ ਸਰਕਾਰ ਦੇ ਬੁਲਾਰੇ ਚੰਦਰ ਮੋਹਨ ਪਟਵਾਰੀ ਨੇ ਕਿਹਾ ਕਿ ਮਦਰੱਸਾ ਅਤੇ ਸੰਸਕ੍ਰਿਤ ਸਕੂਲਾਂ ਨਾਲ ਸਬੰਧਤ ਮੌਜੂਦਾ ਕਾਨੂੰਨਾਂ ਨੂੰ ਵਾਪਸ ਲੈ ਲਿਆ ਜਾਵੇਗਾ। ਇਸ ਦੇ ਲਈ ਰਾਜ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਇੱਕ ਬਿੱਲ ਲਿਆਂਦਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਸਾਮ ਸਰਕਾਰ ਵਿਚ ਸਿੱਖਿਆ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਕਿਹਾ ਸੀ ਕਿ ਰਾਜ ਸਰਕਾਰ ਵੱਲੋਂ ਜਲਦੀ ਹੀ ਮਦਰੱਸਿਆਂ ਅਤੇ ਸੰਸਕ੍ਰਿਤ ਸਕੂਲਾਂ ਨੂੰ ਰੈਗੂਲਰ ਸਕੂਲ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਧਾਰਮਿਕ ਸਿੱਖਿਆ ਲਈ ਸਰਕਾਰੀ ਫੰਡ ਖਰਚ ਨਹੀਂ ਕੀਤੇ ਜਾ ਸਕਦੇ। ਅਜਿਹੀ ਸਥਿਤੀ ਵਿੱਚ, ਰਾਜ ਮਦਰੱਸਾ ਸਿੱਖਿਆ ਬੋਰਡ, ਅਸਮ ਭੰਗ ਹੋ ਜਾਵੇਗਾ। ਸਿੱਖਿਆ ਮੰਤਰੀ ਸਰਮਾ ਨੇ ਇਹ ਵੀ ਕਿਹਾ ਕਿ ਅਸਾਮ ਵਿੱਚ 610 ਸਰਕਾਰੀ ਮਦਰੱਸੇ ਹਨ ਅਤੇ ਸਰਕਾਰ ਹਰ ਸਾਲ ਇਨ੍ਹਾਂ ਸੰਸਥਾਵਾਂ ’ਤੇ ਕਰੀਬ 260 ਕਰੋੜ ਰੁਪਏ ਖਰਚ ਕਰਦੀ ਹੈ।