Farmer protest bjp arun singh: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 19ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਰੁਣ ਸਿੰਘ ਦਾ ਕਹਿਣਾ ਹੈ ਕਿ ਪੂਰੇ ਕਿਸਾਨ ਅੰਦੋਲਨ ਵਿੱਚ 1 ਫੀਸਦੀ ਵੀ ਕਿਸਾਨ ਸ਼ਾਮਿਲ ਨਹੀਂ ਹਨ। ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਕਿਹਾ ਕਿ ਕਿਸਾਨ ਭੋਲੇ ਭਾਲੇ ਹਨ, ਪਰ ਉਨ੍ਹਾਂ ਵਿੱਚ ਟੁਕੜੇ-ਟੁਕੜੇ ਗੈਂਗ ਦੇ ਲੋਕ ਰੱਲ ਗਏ ਹਨ, ਜਿਨ੍ਹਾਂ ਬਾਰੇ ਗੱਲ ਕਰਨੀ ਜਰੂਰੀ ਹੈ। ਭਾਜਪਾ ਨੇਤਾ ਅਰੁਣ ਸਿੰਘ ਨੇ ਇਹ ਗੱਲ ਰਾਜਸਥਾਨ ਦੇ ਜੈਪੁਰ ਵਿੱਚ ਕਹੀ ਹੈ। ਅਰੁਣ ਸਿੰਘ ਜੈਪੁਰ ਵਿੱਚ ਹੋਈ ਪਾਰਟੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸੀ।
ਤੁਹਾਨੂੰ ਦੱਸ ਦੇਈਏ ਕਿ ਭਾਜਪਾ ਵੱਲੋਂ ਲਗਾਤਾਰ ਦੋਸ਼ ਲਗਾਏ ਜਾ ਰਹੇ ਹਨ ਕਿ ਕੁੱਝ ਰਾਜਨੀਤਿਕ ਪਾਰਟੀਆਂ ਅਤੇ ਖੱਬੀਆਂ ਸੰਗਠਨਾਂ ਨੇ ਕਿਸਾਨ ਅੰਦੋਲਨ ਨੂੰ ਹਾਈਜੈਕ ਕੀਤਾ ਹੈ ਅਤੇ ਹਿੰਸਾ ਕਰਨ ਲਈ ਉਕਸਾਇਆ ਜਾ ਰਿਹਾ ਹੈ। ਜਦਕਿ ਪਿੱਛਲੇ ਦਿਨੀਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸਟੇਜ ਤੋਂ ਬੋਲਦਿਆਂ ਕਿਹਾ ਸੀ ਕਿ ਕਿਸਾਨ ਅੰਦੋਲਨ ਇਸ ਸਮੇ ਪੂਰੇ ਸਿਖਰ ‘ਤੇ ਹੈ। ਇਸ ਲਈ ਸਰਕਾਰ ਅਤੇ ਗੋਦੀ ਮੀਡੀਆ ਸਾਡੇ ਅੰਦੋਲਨ ਨੂੰ ਖਰਾਬ ਅਤੇ ਬਦਨਾਮ ਕਰਨ ਦੀ ਵੀ ਕੋਸ਼ਿਸ ਕਰ ਰਹੇ ਹਨ। ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਇਸ ਵੇਲੇ ਸਾਨੂੰ ਚੌਕਸ ਰਹਿਣ ਦੀ ਜਰੂਰਤ ਹੈ, ਤਾਂ ਕੇ ਸਰਕਾਰ ਅਤੇ ਗੋਦੀ ਮੀਡੀਆ ਨੂੰ ਸਾਡੇ ਖਿਲਾਫ ਕੂੜ ਪ੍ਰਚਾਰ ਕਰ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦਾ ਮੌਕਾ ਨਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡੀ ਇੱਕ ਗਲਤੀ ਵੀ ਸਾਡੇ ਖਿਲਾਫ ਸਰਕਾਰ ਅਤੇ ਗੋਦੀ ਮੀਡੀਆ ਨੂੰ ਕੂੜ ਪ੍ਰਚਾਰ ਕਰਨ ਦਾ ਮੌਕਾ ਦੇਵੇਗੀ,ਇਸ ਲਈ ਸਾਨੂੰ ਹਰ ਕਦਮ ਸੋਚ-ਸਮਝ ਕੇ ਚੁੱਕਣ ਦੀ ਜਰੂਰਤ ਹੈ। ਉਨ੍ਹਾਂ ਇੱਕ ਨੈਸ਼ਨਲ ਨਿੱਜੀ ਚੈਨਲ ਦਾ ਵੀ ਜਿਕਰ ਕੀਤਾ ਜੋ ਅੰਦੋਲਨ ਸਬੰਧੀ ਖਾਲਿਸਤਾਨ ਦਾ ਜਿਕਰ ਕਰ ਲਗਾਤਾਰ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਸਿਰਫ ਕਿਸਾਨਾਂ ਦਾ ਅੰਦੋਲਨ ਹੈ, ਇਸ ਲਈ ਜੋ ਨੈਸ਼ਨਲ ਚੈਨਲ ਖਾਲਸਤਾਨੀ ਕਹਿ ਕੇ ਬਦਨਾਮ ਕਰ ਰਹੇ ਹਨ ਉਹ ਅਜਿਹੀ ਹਰਕਤ ਨਾ ਕਰਨ।
ਇਹ ਵੀ ਦੇਖੋ : ਹਰਿਆਣਾ ਦਾ ਸਭ ਤੋਂ ਲੰਬਾ ਤੇ ਸਭ ਤੋਂ ਛੋਟਾ ਵਿਅਕਤੀ ਹੋਏ ਕਿਸਾਨ ਅੰਦੋਲਨ ‘ਚ ਸ਼ਾਮਿਲ