Farmers protest: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਕਿਸਾਨ ਜਥੇਬੰਦੀਆਂ ਦੇਸ਼ ਭਰ ਵਿੱਚ ਵਿਰੋਧ ਕਰ ਰਹੀਆਂ ਹਨ, ਪਰ ਉੱਥੇ ਹੀ ਦੂਜੇ ਪਾਸੇ ਭਾਜਪਾ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸ ਰਹੀ ਹੈ। ਇਸਦੇ ਮੱਦੇਨਜ਼ਰ ਅੱਜ ਚੰਡੀਗੜ੍ਹ ਦੇ ਪਿੰਡ ਦੜੀਆਂ ਵਿੱਚ ਭਾਜਪਾ ਨੇ ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਵਿਸ਼ਾਲ ਕਿਸਾਨ ਪੰਚਾਇਤ ਸਮਾਗਮ ਕਰਵਾਇਆ ਗਿਆ । ਇਸਦੇ ਉਲਟ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧਾਂ ਕਾਰਨ ਦੋਹਾਂ ਧਿਰਾਂ ਵਿਚਾਲੇ ਟਕਰਾਅ ਦੀ ਸਥਿਤੀ ਬਣਨ ਤੋਂ ਬਚਾਅ ਰਿਹਾ।
ਦਰਅਸਲ, ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਕਰਵਾਏ ਗਏ ਸਮਾਗਮ ਵਿੱਚ ਸੂਬਾ ਜਨਰਲ ਸਕੱਤਰ ਦਿਨੇਸ਼ ਕੁਮਾਰ ਪਹੁੰਚੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੈਂਦੇ ਗਏ ਖੇਤੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਹਨ। ਇਹ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦਾ ਕਿਸਾਨ ਆਰਥਿਕ ਪੱਖ ਤੋਂ ਮਜ਼ਬੂਤ ਹੋਵੇਗਾ ਤਾਂ ਦੇਸ਼ ਦੀ ਆਰਥਿਕਤਾ ਵੀ ਮਜ਼ਬੂਤ ਹੋਵੇਗੀ। ਇਸ ਬਾਰੇ ਭਾਜਪਾ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਰਾਜਸੀ ਲਾਭ ਲੈਣ ਲਈ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ। ਸਮਾਗਮ ਵਿੱਚ ਸੰਜੇ ਟੰਡਨ, ਆਸ਼ਾ ਜਸਵਾਲ। ਰਾਮਵੀਰ ਭੱਟੀ, ਚੰਦਰਸ਼ੇਖਰ, ਰਾਜਬਾਲਾ ਮਲਿਕ, ਦੀਦਾਰ ਸਿੰਘ ਹਾਜ਼ਰ ਸਨ।
ਉੱਥੇ ਹੀ ਦੂਜੇ ਪਾਸੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੀ ਮੋਰਚਾ ਕਮੇਟੀ ਦੇ ਮੈਂਬਰ ਕੰਵਲਜੀਤ ਸਿੰਘ ਤੇ ਮੋਹਾਲੀ ਦੇ ਕਨਵੀਨਰ ਅਮਨਦੀਪ ਸਿੰਘ ਰਤੀਆ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਚਾਪਲੂਸੀ ਕਰਦੇ ਹੋਏ ਦੇਸ਼ ਦੇ ਅੰਨਦਾਤਾ ਤੇ ਕਿਰਤੀਆਂ ਦੀ ਬਲੀ ਦੇ ਰਹੀ ਹੈ।
ਇਹ ਵੀ ਦੇਖੋ: Supreme Court ‘ਚ ਕਿਸਾਨਾਂ ਨੂੰ ਬਾਡਰਾਂ ਤੋਂ ਹਟਾਉਣ ‘ਤੇ ਸੁਣਵਾਈ, ਸੁਣੋ ਕੀ ਕਰਨਗੇ ਕਿਸਾਨ ਆਗੂ