End of VIP Culture of Vehicle Numbers : ਚੰਡੀਗੜ੍ਹ : ਪੰਜਾਬ ਵਿੱਚ VIP ਅਤੇ ਸਟੇਟਸ ਸਿੰਬਲ ਮੰਨੇ ਜਾਣ ਵਾਲੇ ਪੁਰਾਣੇ ਰਜਿਸਟ੍ਰੇਸ਼ਨ ਵਾਲੇ ਵਾਹਨਾਂ ਦੇ ਨੰਬਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਉਸ ਦੀ ਥਾਂ ‘ਤੇ ਵਾਹਨ ਚਾਲਕਾਂ ਨੂੰ ਨਵੇਂ ਨੰਬਰ ਅਲਾਟ ਕੀਤੇ ਜਾਣਗੇ। ਇਹ ਹੁਕਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦਿੱਤੇ ਗਏ। ਇਹ ਫੈਸਲਾ VIP ਸੱਭਿਆਚਾਰ ਨੂੰ ਖਤਮ ਕਰਨ ਅਤੇ ਸੁਰੱਖਿਆ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਅਜੇ ਵੀ ਮੋਟਰ ਵਹੀਕਲ ਐਕਟ, 1988 ਦੇ ਲਾਗੂ ਹੋਣ ਤੋਂ ਬਾਅਦ ਦੇ ਪੁਰਾਣੇ ਨੰਬਰ ਚੱਲ ਰਹੇ ਸਨ। ਦੱਸਣਯੋਗ ਹੈ ਕਿ ਇਨ੍ਹਾਂ ਨੰਬਰਾਂ ‘ਤੇ ਗੁਆਂਢੀ ਸੂਬਿਆਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਵੀਆਈਪੀ ਕਲਚਰ ਦਾ ਹਿੱਸਾ ਸਮਝੇ ਜਾਣ ਵਾਲੇ ਇਹ ਪੁਰਾਣੇ ਨੰਬਰ ਚਾਲਕਾਂ ਵੱਲੋਂ ਸਟੇਟਸ ਸਿੰਬਲ ਵੀ ਮੰਨੇ ਜਾਂਦੇ ਹਨ। ਇਨ੍ਹਾਂ ਨੰਬਰਾਂ ਦੀ ਇਸਤੇਮਾਲ ਸਰਹੱਦੀ ਸੂਬੇ ਪੰਜਾਬ ਵਿੱਚ ਸੁਰੱਖਿਆ ਲਈ ਵੱਡਾ ਖਤਰਾ ਸੀ ਕਿਉਂਕਿ ਅਜਿਹੇ ਵੀ.ਆਈ.ਪੀ. ਨੰਬਰਾਂ ਵਾਲੇ ਵਾਹਨਾਂ ਦੀ ਵਰਤੋਂ ਅਕਸਰ ਹੀ ਗੈਰ-ਸਮਾਜੀ ਅਨਸਰਾਂ ਵੱਲੋਂ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਸੀ ਕਿਉਂਕਿ ਵੀਆਈਪੀ ਨੰਬਰ ਸਮਝੇ ਜਾਣ ਕਰਕੇ ਪੁਲਿਸ ਵੱਲੋਂ ਇਨ੍ਹਾਂ ਵਾਹਨਾਂ ਦੀ ਤਲਾਸ਼ੀ ਨਹੀਂ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਅਜਿਹੇ ਰਜਿਸਟ੍ਰੇਸ਼ਨ ਨੰਬਰ ਵਰ੍ਹਿਆਂ ਤੋਂ ਕਈ ਵਾਹਨਾਂ ਉਤੇ ਵਰਤੇ ਜਾਂਦੇ ਸਨ। ਵੀ.ਆਈ.ਪੀਜ਼ ਨੂੰ ਸਹੂਲਤ ਦੇਣ ਵਾਸਤੇ ਪੁਰਾਣਾ ਰਿਕਾਰਡ ਨੂੰ ਲੱਭਣਾ ਵੀ ਮੁਸ਼ਕਲ ਹੋ ਜਾਂਦਾ ਸੀ ਜਾਂ ਖਤਮ ਕਰ ਦਿੱਤਾ ਸੀ ਜਿਸ ਨਾਲ ਅਸਲ ਮਾਲਕਾਂ ਦੀ ਪਛਾਣ ਕਰਨ ਵਿੱਚ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਹੁਣ ਪੰਜਾਬ ਵਿੱਚ ਇਸ ਵੀਆਈਪੀ ਕਲਚਰ ਦਾ ਅੰਤ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਮੋਟਰ ਵਹੀਕਲ ਐਕਟ ਦੀ ਧਾਰਾ 41 ਅਤੇ ਇਸ ਦੇ ਸੰਦਰਭ ਵਿੱਚ ਧਾਰਾ 217 ਤਹਿਤ ਅਜਿਹੇ ਨੰਬਰਾਂ ਵਾਲੇ ਵਾਹਨ ਮਾਲਕਾਂ ਨੂੰ ਇਨ੍ਹਾਂ ਦੀ ਥਾਂ ਉਚਿਤ ਨੰਬਰ ਜਾਰੀ ਕੀਤੇ ਜਾਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ।