WHO warns of high risk: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਫਿਲਹਾਲ ਦੁਨੀਆ ਭਰ ਵਿੱਚ ਕੋਰੋਨਾ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਸਾਲ 2021 ਦੀ ਸ਼ੁਰੂਆਤ ਵਿੱਚ ਯੂਰਪ ਵਿੱਚ ਕੋਰੋਨਾ ਵਾਇਰਸ ਫਿਰ ਤੋਂ ਤਬਾਹੀ ਮਚਾ ਸਕਦਾ ਹੈ । ਇਸ ਦੇ ਨਾਲ ਵਿਸ਼ਵ ਸਿਹਤ ਸੰਗਠਨ ਨੇ ਯੂਰਪ ਵਿੱਚ ਕ੍ਰਿਸਮਸ ਦੇ ਮੌਕੇ ‘ਤੇ ਪਰਿਵਾਰਕ ਇਕੱਠਾਂ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਸਕ ਪਾ ਕੇ ਰੱਖਣ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਨੇ ਐਤਵਾਰ ਨੂੰ ਪੂਰੇ ਦੇਸ਼ ਵਿੱਚ ਲਾਕਡਾਊਨ ਲਾਗੂ ਕਰ ਦਿੱਤਾ ਹੈ ।
ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 15 ਦਸੰਬਰ ਤੋਂ ਅਗਲੇ ਸਾਲ 10 ਜਨਵਰੀ ਤੱਕ ਜਾਰੀ ਰਹੇਗਾ । ਲਾਕਡਾਊਨ ਦੌਰਾਨ ਜ਼ਿਆਦਾਤਰ ਦੁਕਾਨਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ । ਹਾਲਾਂਕਿ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਰਮਨੀ ਦੇ ਕੁਝ ਰਾਜ ਕ੍ਰਿਸਮਸ ਦੇ ਮੌਕੇ 24 ਤੋਂ 26 ਦਸੰਬਰ ਦੇ ਵਿਚਕਾਰ ਲਾਕਡਾਊਨ ਵਿੱਚ ਥੋੜੀ ਢਿੱਲ ਦੇ ਸਕਦੇ ਹਨ। ਬ੍ਰਿਟੇਨ ਦੇ ਸਿਹਤ ਮੰਤਰੀ ਨੇ ਵੀ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਵਿਡ-19 ਦੇ ਮਾਮਲੇ ਦੇਸ਼ ਵਿੱਚ ਫਿਰ ਵੱਧ ਰਹੇ ਹਨ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਬ੍ਰਿਟੇਨ ਵਿੱਚ ਪੂਰੇ ਨਵੰਬਰ ਵਿੱਚ ਲਾਕਡਾਊਨ ਲਾਗੂ ਕੀਤਾ ਗਿਆ ਸੀ। ਹਾਲਾਂਕਿ, ਇਸਦਾ ਫ਼ਾਇਦਾ ਵੀ ਦੇਖਣ ਨੂੰ ਮਿਲਿਆ ਅਤੇ ਵਾਇਰਸਾਂ ਦੇ ਮਾਮਲਿਆਂ ਵਿੱਚ ਗਿਰਾਵਟ ਵੀ ਦੇਖੀ ਗਈ ਹੈ। ਲੰਡਨ ਕੈਂਟ ਅਤੇ ਏਸੇਕਸ ਵਿੱਚ ਸਥਿਤੀ ਬਦਤਰ ਹੈ। ਇੱਥੇ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇੱਥੇ ਸਭ ਤੋਂ ਵੱਧ ਸੰਕਰਮਿਤ 11 ਤੋਂ 18 ਸਾਲ ਦੀ ਉਮਰ ਦੇ ਕਿਸ਼ੋਰ ਹਨ।