Modi ji you : ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਅੱਜ 23ਵੇਂ ਦਿਨ ਵੀ ਜਾਰੀ ਹੈ। ਅੰਨਦਾਤਿਆਂ ਵੱਲੋਂ ਲਗਾਤਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਅਜੇ ਵੀ ਕਿਸਾਨਾਂ ਨੂੰ ਇਨ੍ਹਾਂ ਦੇ ਫਾਇਦੇ ਗਿਣਾ ਰਹੀ ਹੈ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਹੁਣ ਸੁਪਰੀਮ ਕੋਰਟ ਤੱਕ ਪੁੱਜ ਗਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ 8 ਪੰਨਿਆਂ ਦਾ ਇੱਕ ਪੱਤਰ ਵੀ ਕਿਸਾਨਾਂ ਦੇ ਨਾਂ ਜਾਰੀ ਦਿੱਤਾ ਹੈ ਜਿਸ ‘ਚ ਉਨ੍ਹਾਂ ਨੇ ਖੇਤੀ ਬਿੱਲਾਂ ਦੇ ਫਾਇਦਿਆਂ ਬਾਰੇ ਕਿਸਾਨਾਂ ਨੂੰ ਦੱਸਿਆ ਹੈ ਪਰ ਅਜੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁੱਦੇ ‘ਤੇ ਚੁੱਪੀ ਧਾਰੀ ਬੈਠੀ ਹੈ। ਇਸੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਟਿੱਪਣੀ ਕੀਤੀ ਹੈ।
ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮਾਂ ਦੀ ਮੌਤ ਹੋਣ ‘ਤੇ ਨਰਿੰਦਰ ਮੋਦੀ ਜੀ ਨੇ ਅਫਸੋਸ ‘ਚ ਲੰਬੀ ਚਿੱਠੀ ਲਿਖੀ ਪਰ ਦਿੱਲੀ ਦੇ ਕਿਸਾਨ ਅੰਦੋਲਨ ਦੌਰਾਨ 15 ਕਿਸਾਨਾਂ ਦੀ ਮੌਤ ‘ਤੇ ਇੱਕ ਵੀ ਸ਼ਬਦ ਨਹੀਂ। ਮੋਦੀ ਜੀ ਤੁਸੀਂ ਇਨ੍ਹਾਂ ਨੂੰ ਵੀ ਤਾਂ ਪਾਕਿਸਤਾਨੀ ਕਹਿ ਰਹੇ ਹੋ… ਇਸ ਲਈ ਥੋੜ੍ਹਾ ਜਿਹਾ ਅਫਸੋਸ ਇਨ੍ਹਾਂ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਕਰ ਲੈਂਦੇ। ਮਾਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਅੰਦੋਲਨਕਾਰੀ ਕਿਸਾਨਾਂ ਨੂੰ ਅਣਸੁਣਿਆ ਅਤੇ ਨਜ਼ਰਅੰਦਾਜ਼ ਕਰਕੇ ਸੁਪਰੀਮ ਕੋਰਟ ਦੇ ਅੰਦਰ ਵੀ ਜ਼ਿੱਦੀ ਅਤੇ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਇਸ ਤੋਂ ਸਾਫ਼ ਹੈ ਕਿ ਕੇਂਦਰ ਸਰਕਾਰ ਅਜੇ ਵੀ ਮਸਲਾ ਹੱਲ ਕਰਨ ਦੀ ਨੀਅਤ ਅਤੇ ਨੀਤੀ ਨਹੀਂ ਰੱਖਦੀ। ਕੜਾਕੇ ਦੀ ਠੰਢ ‘ਚ ਖੁੱਲ੍ਹੇ ਅਸਮਾਨ ਥੱਲੇ ਠੰਢੀਆਂ ਸੜਕਾਂ ‘ਤੇ ਲੱਖਾਂ ਕਿਸਾਨ ਸ਼ੌਂਕ ਨਾਲ ਨਹੀਂ ਸਗੋਂ ਭਾਰੀ ਔਕੜਾਂ ਅਤੇ ਮਜਬੂਰੀ ਨਾਲ ਬੈਠੇ ਹਨ।
ਜੇਕਰ ਮੋਦੀ ਸਰਕਾਰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਾਲੇ ਕਾਨੂੰਨ ਵਾਪਸ ਲੈ ਲਵੇ ਤਾਂ ਅੰਦੋਲਨਕਾਰੀ ਕਿਸਾਨ ਤੁਰੰਤ ਦਿੱਲੀ ਦੇ ਬਾਰਡਰ ਖਾਲੀ ਕਰਕੇ ਵਾਪਸ ਘਰਾਂ ਨੂੰ ਪਰਤ ਜਾਣਗੇ, ਪਰੰਤੂ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਸਬਰ ਦਾ ਹੋਰ ਇਮਤਿਹਾਨ ਲੈਣ ਵਾਲੀ ਅਸੰਵੇਦਨਸ਼ੀਲ ਸੋਚ ਤਿਆਗਣੀ ਪਵੇਗੀ। ‘ਆਪ’ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਸੁਪਰੀਮ ਕੋਰਟ ‘ਚ ਕਿਸਾਨਾਂ ਦੇ ਪ੍ਰਦਰਸ਼ਨ ਲਈ ਜੋ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਖਿਲਾਫ ਪਾਈ ਗਈ ਜਨਹਿਤ ਪਟੀਸ਼ਨ ਦਾ ਵਿਰੋਧ ਕੀਤਾ ਗਿਆ।