Chaudhary birender singh supports farmers agitation: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 24 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸ ਵਿਚਕਾਰ ਹੁਣ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਰਹੇ ਬੀਰੇਂਦਰ ਸਿੰਘ ਵੀ ਕਿਸਾਨਾਂ ਦੇ ਸਮਰਥਨ ਵਿੱਚ ਆ ਗਏ ਹਨ। ਉਹ ਕਿਸਾਨਾਂ ਨਾਲ ਏਕਤਾ ਦਿਖਾਉਣ ਲਈ ਰੋਹਤਕ ਜ਼ਿਲ੍ਹੇ ਦੇ ਸਾਂਪਲਾ ਪਹੁੰਚੇ ਹਨ। ਇਸ ਬਾਰੇ ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਖ਼ਿਲਾਫ਼ ਨਹੀਂ ਹਨ ਪਰ ਨਿਸ਼ਚਤ ਤੌਰ ‘ਤੇ ਕਿਸਾਨਾਂ ਦੇ ਸਮਰਥਨ ਵਿੱਚ ਹਨ। ਉਨ੍ਹਾਂ ਨੇ ਅੱਗੇ ਕਿਹਾ, “ਮੈਂ ਸਰ ਛੋਟੂਰਾਮ ਦੀ ਵਿਚਾਰਧਾਰਾ ਦਾ ਸਥਾਈ ਮੈਂਬਰ ਹਾਂ। ਸਰ ਛੋਟੂਰਾਮ ਇੱਕ ਅਜਿਹੇ ਨੇਤਾ ਰਹੇ ਹਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਆਪਣੇ ਖੇਤਰ ਵਿੱਚ ਖੇਤੀਬਾੜੀ ਸੁਧਾਰ ਕੀਤੇ ਸਨ। ਛੋਟੂਰਾਮ ਵਿਚਾਰ ਮੰਚ ਕਿਸਾਨਾਂ ਦੀ ਮੰਗ ਦਾ ਸਮਰਥਨ ਕਰਦਾ ਹੈ। ਇਸ ਦਾ ਸਥਾਈ ਮੈਂਬਰ ਹੋਣ ਦੇ ਨਾਤੇ, ਮੈਂ ਕਿਸਾਨਾਂ ਦੇ ਨਾਲ ਖੜਾ ਹਾਂ।”
ਜਦੋਂ ਬੀਰੇਂਦਰ ਸਿੰਘ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਮੁੱਦੇ ‘ਤੇ ਆਪਣੀ ਪਾਰਟੀ ਦੇ ਵਿਰੁੱਧ ਹਨ, ਤਾਂ ਬੀਰੇਂਦਰ ਸਿੰਘ ਨੇ ਜਵਾਬ ਦਿੱਤਾ, “ਕਿਸਾਨਾਂ ਦਾ ਸਮਰਥਨ ਕਰਨਾ ਆਪਣੀ ਪਾਰਟੀ ਦੇ ਖਿਲਾਫ ਨਹੀਂ ਜਾਣਾ ਹੈ। ਕਿਸਾਨਾਂ ਦਾ ਮੁੱਦਾ ਰਾਜਨੀਤੀ ਤੋਂ ਉੱਪਰ ਹੈ। ਜਦੋਂ ਅਸੀਂ ਪੈਦਾ ਹੋਏ ਸੀ। ਉਸ ਸਮੇਂ ਕਿਸਾਨ ਦੇ ਪੁੱਤਰ ਪੈਦਾ ਹੋਏ ਸੀ, ਹੁਣ ਪੜ੍ਹ-ਲਿਖ ਕੇ ਰਾਜਨੀਤੀ ਵਿਚ ਆਏ ਹਾਂ, ਪਰ ਇਸਦਾ ਅਰਥ ਇਹ ਨਹੀਂ ਕਿ ਆਪਣੇ ਪਿਛੋਕੜ ਨੂੰ ਭੁੱਲ ਜਾਉ। ਕਿਸਾਨਾਂ ਦਾ ਸਮਰਥਨ ਕਰਨਾ ਮੇਰਾ ਨੈਤਿਕ ਫਰਜ਼ ਹੈ। ” ਉਨ੍ਹਾਂ ਅੱਗੇ ਕਿਹਾ, “ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਗੱਲ ਕਰੇ। ਗੱਲਬਾਤ ਕਰਕੇ ਕੋਈ ਵੀ ਸਮੱਸਿਆ ਹੱਲ ਹੋ ਸਕਦੀ ਹੈ। ਮੈਂ ਵੀ ਕਿਸਾਨਾਂ ਨੂੰ ਯਥਾਰਥਵਾਦੀ ਗੱਲਬਾਤ ਕਰਨ ਲਈ ਆਖਣਾ ਚਾਹੁੰਦਾ ਹਾਂ, ਬੇਅੰਤ ਹੜਤਾਲ ਵਿੱਚ ਨਾ ਤਾ ਕਿਸਾਨਾਂ ਦਾ ਹਿੱਤ ਹੈ, ਨਾ ਦੇਸ਼ ਦਾ ਹਿੱਤ ਹੈ।” ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਭਾਜਪਾ ਨੇਤਾ ਬੀਰੇਂਦਰ ਸਿੰਘ ਨੇ ਕੈਥਲ ਵਿੱਚ ਕਿਹਾ ਸੀ ਕਿ ਜੇਕਰ ਕਿਸਾਨ ਮੇਰੇ ਕੋਲ ਪਹੁੰਚੇ ਤਾਂ ਮੈਂ ਕਿਸਾਨਾਂ ਦੀ ਅਗਵਾਈ ਕਰਨ ਲਈ ਤਿਆਰ ਹਾਂ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੇਤੀਬਾੜੀ ਕਾਨੂੰਨਾਂ ਬਾਰੇ ਕਿਸਾਨਾਂ ਦੀਆਂ ਸ਼ੰਕਾਵਾਂ ਦਾ ਹੱਲ ਕਰੇ। ਮਹੱਤਵਪੂਰਣ ਗੱਲ ਇਹ ਹੈ ਕਿ ਚੌਧਰੀ ਬੀਰੇਂਦਰ ਸਿੰਘ, ਜੋ ਕਿ ਹਰਿਆਣਾ ਤੋਂ ਹਨ, ਮੋਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ।
ਇਹ ਵੀ ਦੇਖੋ : ਵੇਖੋ ਪਿੰਡਾਂ ਵਾਲਿਆਂ ਨੇ ਦਿੱਲੀ ਵਿੱਚ ਵਸਾਇਆ ਹਾਈ ਟੈਕ ਪਿੰਡ ਆਧੁਨਿਕ ਸਹੂਲਤਾਂ ਵੇਖ ਹੋ ਜਾਓਗੇ ਹੈਰਾਨ