Young farmer commits suicide : ਬਠਿੰਡਾ : ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਕਿਸਾਨ ਜਿਥੇ ਇੱਕ ਪਾਸੇ ਆਪਣੇ ਹੱਕਾਂ ਲਈ ਲੜ ਰਿਹਾ ਹੈ ਉਥੇ ਹੀ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਨੌਜਵਾਨ ਕਿਸਾਨ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਿਆ ਅਤੇ ਉਸ ਨੇ ਆਪਣੀ ਜਾਨ ਦੇ ਦਿੱਤੀ। 22 ਸਾਲਾ ਗੁਰਲਾਭ ਸਿੰਘ ਜੋਕਿ ਭਗਤਾਭਾਈ ਕਾ ਵਿੱਚ ਪੈਂਦੇ ਪਿੰਡ ਦਿਆਲਪੁਰਾ ਮਿਰਜ਼ਾ ਦਾ ਰਹਿਣ ਵਾਲਾ ਸੀ, ਨੇ ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ। ਦੱਸਣਯੋਗ ਹੈ ਕਿ ਗੁਲਾਬ ਸਿੰਘ ਦੋ ਦਿਨ ਪਹਿਲਾਂ ਹੀ ਦਿੱਲੀ ਮੋਰਚੇ ਤੋਂ ਵਾਪਿਸ ਪਰਤਿਆ ਸੀ। ਉਹ ਮੋਰਚੇ ਨਾਲ ਪਹਿਲੇ ਦਿਨ ਤੋਂ ਹੀ ਜੁੜਿਆ ਹੋਇਆ ਸੀ।
ਮਿਲੀ ਜਾਣਕਾਰੀ ਮੁਤਾਬਕ ਗੁਰਲਾਭ ਸਿੰਘ ਦੇ ਸਿਰ ’ਤੇ 6.5 ਲੱਖ ਰੁਪਏ ਦਾ ਕਰਜ਼ਾ ਸੀ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਵੀ ਉਹ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਸੀ। ਇਸ ਦੋਹਰੀ ਪ੍ਰੇਸ਼ਾਨੀ ਦਾ ਭਾਰ ਗੁਲਾਬ ਸਿੰਘ ਝੱਲ ਨਹੀਂ ਸਕਿਆ ਅਤੇ ਉਸ ਨੇ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ। ਗੁਲਾਬ ਸਿੰਘ ਰੱਸਾ-ਕੱਸ਼ੀ ਦਾ ਕੌਮੀ ਖਿਡਾਰੀ ਵੀ ਸੀ। ਪੁਲਿਸ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਵਿੱਚੋਂ ਵਧੇਰੇ ਪੰਜਾਬ ਦੇ ਕਿਸਾਨ ਕਰਜ਼ਾਈ ਹਨ। ਅਜਨਾਲਾ (ਅੰਮ੍ਰਿਤਸਰ) ਦੇ ਬੱਗਾ ਪਿੰਡ ਦਾ ਬਲਬੀਰ ਸਿੰਘ ਦੀ 12 ਦਸੰਬਰ ਨੂੰ ਦਿੱਲੀ ਅੰਦੋਲਨ ਤੋਂ ਪਰਤਦੇ ਸਮੇਂ ਮੌਤ ਹੋ ਗਈ ਸੀ। ਉਹ ਘਰ ਦਾ ਮੁਖੀ ਸੀ। ਬਲਬੀਰ ਦੀ ਅੰਤਿਮ ਕਿਰਿਆ ਵੀ ਪਰਿਵਾਰ ਨੇ ਆੜ੍ਹਤੀਏ ਤੋਂ 60 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਕੀਤੀ। ਬਲਬੀਰ ਦੀ ਅੰਤਿਮ ਕਿਰਿਆ ਸ਼ਨੀਵਾਰ ਨੂੰ ਉਸ ਦੇ ਘਰ ਰੱਖੀ ਗਈ ਸੀ। ਬਲਬੀਰ ਦੇ ਪਰਿਵਾਰ ‘ਤੇ ਪਹਿਲਾਂ ਹੀ 5 ਲੱਖ ਰੁਪਏ ਦਾ ਕਰਜ਼ਾ ਹੈ। ਕਿਸਾਨ ਪਹਿਲਾਂ ਹੀ ਖੇਤੀਬਾੜੀ ਤੋਂ ਸਿਰਫ ਆਪਣਾ ਪੇਟ ਹੀ ਪਾਲ ਰਹੇ ਹਨ, ਜੇਕਰ ਕਿਸਾਨ ਪ੍ਰਾਈਵੇਟ ਕੰਪਨੀਆਂ ਦਾ ਗੁਲਾਮ ਬਣ ਗਿਆ ਤਾਂ ਕਿਸਾਨਾਂ ਦਾ ਕੀ ਹਾਲ ਹੋਵੇਗਾ, ਇਹ ਸੋਚਣ ਵਾਲੀ ਗੱਲ ਹੈ।