India government ban international flights : ਯੂਕੇ ਵਿੱਚ ਨਵੀਂ ਕਿਸਮ ਦੇ ਕੋਰੋਨਾ ਵਾਇਰਸ ਮਿਲਣ ਤੋਂ ਬਾਅਦ ਕੋਵਿਡ -19 ਦੀ ਸਥਿਤੀ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਇਸ ਦੇ ਕਾਰਨ, ਬਹੁਤ ਸਾਰੇ ਯੂਰਪੀਅਨ ਦੇਸ਼ਾਂ ਨੇ ਬ੍ਰਿਟੇਨ ਤੋਂ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕੜੀ ਵਿੱਚ ਭਾਰਤ ਸਰਕਾਰ ਨੇ ਵੀ 31 ਦਸੰਬਰ ਤੱਕ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਪਾਬੰਦੀ ਲਗਾ ਦਿੱਤੀ ਹੈ। ਉਡਾਣਾਂ ‘ਤੇ ਪਾਬੰਦੀ ਅੱਜ ਰਾਤ 12 ਵਜੇ ਸ਼ੁਰੂ ਹੋਵੇਗੀ। ਉਸ ਤੋਂ ਪਹਿਲਾਂ ਆਉਣ ਵਾਲੀਆ ਉਡਾਣਾਂ ਦੇ ਹਰ ਯਾਤਰੀ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦੀ ਤਰਫੋਂ ਟਵੀਟ ਵਿੱਚ ਦੱਸਿਆ ਗਿਆ ਕਿ ਬ੍ਰਿਟੇਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ 31 ਦਸੰਬਰ 2020 ਤੱਕ ਬ੍ਰਿਟੇਨ ਤੋਂ ਭਾਰਤ ਲਈ ਸਾਰੀਆਂ ਉਡਾਣਾਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਇਹ ਮੁਅੱਤਲ ਅੱਜ ਰਾਤ 12 ਵਜੇ ਤੋਂ ਸ਼ੁਰੂ ਹੋਏਗਾ। ਉਸ ਤੋਂ ਪਹਿਲਾਂ ਆਉਣ ਵਾਲਿਆਂ ਲਈ ਆਰਟੀ-ਪੀਸੀਆਰ ਟੈਸਟਿੰਗ ਲਾਜ਼ਮੀ ਕਰ ਦਿੱਤਾ ਗਿਆ ਹੈ।
ਉਡਾਣ ‘ਤੇ ਪਾਬੰਦੀ ਲਗਾਉਣ ਦੀ ਮੰਗ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੀਤੀ ਸੀ। ਕੇਜਰੀਵਾਲ ਨੇ ਅੱਜ ਟਵੀਟ ਕਰਕੇ ਲਿਖਿਆ ਕਿ ਯੂਨਾਈਟਿਡ ਕਿੰਗਡਮ ਵਿੱਚ, ਕੋਰੋਨਾ ਦੇ ਨਵੇਂ ਰੂਪ ਨਾਲ ਹਲਚਲ ਹੈ ਅਤੇ ਇਹ ਇੱਕ ਸੁਪਰ ਸਪਰੈੱਡਰ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਭਾਰਤ ਸਰਕਾਰ ਨੂੰ ਯੂਕੇ ਦੀਆਂ ਸਾਰੀਆਂ ਉਡਾਣਾਂ ਉੱਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਯੁਨਾਈਟਡ ਕਿੰਗਡਮ ਵਿੱਚ ਕੋਰੋਨਾ ਦੇ ਨਵੇਂ ਰੂਪ ਦੀ ਖ਼ਬਰ ਚਿੰਤਾਜਨਕ ਹੈ। ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਬ੍ਰਿਟੇਨ, ਦੂਜੇ ਯੂਰਪੀਅਨ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ਉੱਤੇ ਤੁਰੰਤ ਰੋਕ ਲਗਾਉਣੀ ਚਾਹੀਦੀ ਹੈ।