Farmers to besiege Ambani house: ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੀ ਅਗਵਾਈ ਹੇਠ ਕਿਸਾਨ ਮੰਗਲਵਾਰ ਨੂੰ ਮੁੰਬਈ ਵਿੱਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦਾ ਘਿਰਾਓ ਕਰਨਗੇ । ਇਸ ਦੇ ਨਾਲ ਹੀ ਕਿਸਾਨ ਉਨ੍ਹਾਂ ਨੂੰ ਖੇਤੀ ਵਿੱਚ ਕਾਰਪੋਰੇਟ ਦੀ ਜ਼ਰੂਰਤ ਤੋਂ ਜ਼ਿਆਦਾ ਦਖਲਅੰਦਾਜ਼ੀ ਨੂੰ ਰੋਕਣ ਦੀ ਅਪੀਲ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਅੰਦੋਲਨਕਾਰੀ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਵੀ ਕੀਤਾ ਜਾਵੇਗਾ।
ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਪ੍ਰਧਾਨ ਵੀਐੱਮ ਸਿੰਘ ਨੇ ਸੋਮਵਾਰ ਨੂੰ ਯੂਪੀ ਗੇਟ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੰਬਈ ਵਿੱਚ ਉਨ੍ਹਾਂ ਦੇ ਸਾਥੀ ਕਿਸਾਨ ਆਗੂ ਰਾਜੂ ਸ਼ੈੱਟੀ ਨੇ ਘੇਰਾਬੰਦੀ ਦਾ ਇਹ ਪ੍ਰੋਗਰਾਮ ਤੈਅ ਕੀਤਾ ਹੈ । ਉਨ੍ਹਾਂ ਦੱਸਿਆ ਕਿ ਕਿਸਾਨ ਮੁਕੇਸ਼ ਅੰਬਾਨੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਉਨ੍ਹਾਂ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਾ ਸਕੇ।
ਇਸ ਤੋਂ ਅੱਗੇ ਵੀਐਮ ਸਿੰਘ ਨੇ ਦੱਸਿਆ ਕਿ ਕਿਸਾਨ ਮੁਕੇਸ਼ ਅੰਬਾਨੀ ਨੂੰ ਅਪੀਲ ਕਰਨਗੇ ਕਿ ਨਵੇਂ ਖੇਤੀਬਾੜੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ, ਇਸ ਲਈ ਕਾਰਪੋਰੇਟ ਨੂੰ ਪਿੱਛੇ ਹਟਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਇਹ ਵੀ ਅਪੀਲ ਕਰਨਗੇ ਕਿ ਉਹ ਸਰਕਾਰ ਨੂੰ ਇਹ ਦੱਸਣ ਕਿ ਉਨ੍ਹਾਂ ਨੂੰ ਇਹ ਕਾਨੂੰਨ ਨਹੀਂ ਚਾਹੀਦੇ ਅਤੇ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ । ਵੀਐਮ ਸਿੰਘ ਨੇ ਕਿਹਾ ਕਿ ਸਰਕਾਰ ਜੋ ਖੇਤੀਬਾੜੀ ਕਾਨੂੰਨ ਲੈ ਕੇ ਲਿਆਈ ਹੈ ਉਸ ਨਾਲ ਕਿਸਾਨ ਦੁਖੀ ਹਨ ਅਤੇ ਬਾਜ਼ਾਰ ਖੁਸ਼ ਹਨ। ਖੇਤੀ ਪ੍ਰਧਾਨ ਦੇਸ਼ ਵਿੱਚ ਅਜਿਹੀ ਸਥਿਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਸੀਂ ਜਿੱਥੇ ਰੁਕਾਂਗੇ ਉਸ ਜਗ੍ਹਾ ਨੂੰ ਗਾਜ਼ੀਪੁਰ ਬਣਾ ਦੇਵਾਂਗੇ।
ਦੱਸ ਦੇਈਏ ਕਿ ਵੀਐਮ ਸਿੰਘ ਨੇ ਕਿਸਾਨਾਂ ਨੂੰ ਜਗ੍ਹਾ-ਜਗ੍ਹਾ ਰੋਕਣ ‘ਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਆਪਣੀ ਪੀੜਾ ਲੈ ਕੇ ਜੋ ਕਿਸਾਨ ਇੱਥੇ ਆ ਰਹੇ ਹਨ, ਉਨ੍ਹਾਂ ਨੂੰ ਸਰਕਾਰ ਨਾ ਰੋਕੇ। ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨਾਂ ਨੂੰ ਰੋਕਿਆ ਜਾਵੇਗਾ, ਉਸੇ ਹੀ ਜਗ੍ਹਾ ਨੂੰ ਗਾਜ਼ੀਪੁਰ ਬਣਾਇਆ ਜਾਵੇਗਾ ।
ਇਹ ਵੀ ਦੇਖੋ: ਸਿੰਘੂ ਮੋਰਚੇ ‘ਤੇ ਮੋਦੀ ਦੇ ਨਾਮ ਖੂਨ ਨਾਲ ਖ਼ਤ ਲਿਖ ਕੇ ਕੀਤੀ ਖੂਨਦਾਨ ਕੈਂਪ ਦੀ ਸ਼ੁਰੂਆਤ