5 charred to death: ਯਮੁਨਾ ਐਕਸਪ੍ਰੈਸ ਵੇਅ ‘ਤੇ ਮੰਗਲਵਾਰ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ । ਆਗਰਾ ਦੇ ਨੇੜੇ ਖੰਦੌਲੀ ਥਾਣਾ ਖੇਤਰ ਦੇ ਝਰਨੇ ਨਾਲੇ ‘ਤੇ ਮੰਗਲਵਾਰ ਤੜਕੇ ਆਗਰਾ ਤੋਂ ਨੋਇਡਾ ਵੱਲ ਜਾ ਰਹੀ ਇੱਕ ਤੇਜ਼ ਰਫਤਾਰ ਕਾਰ ਕੰਟੇਨਰ ਦੇ ਡੀਜ਼ਲ ਟੈਂਕ ਨਾਲ ਟਕਰਾ ਗਈ । ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਵਿਚਲੇ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਇਸ ਦਰਦਨਾਕ ਹਾਦਸੇ ਵਿੱਚ ਕਾਰ ਵਿੱਚ ਸਵਾਰ ਪੰਜ ਵਿਅਕਤੀ ਜ਼ਿੰਦਾ ਸੜ ਗਏ । ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਜਦੋਂ ਤੱਕ ਅੱਗ ਬੁਝਾਈ ਉਦੋਂ ਤੱਕ ਕਾਰ ਸਵਾਰ ਪਿੰਜਰ ਬਣ ਗਏ।
ਪੁਲਿਸ ਅਨੁਸਾਰ ਇੱਕ ਸਵਿਫਟ ਡਿਜ਼ਾਇਰ ਕਾਰ UP 32 KV 6788 ਦਿੱਲੀ ਜਾ ਰਹੀ ਸੀ। ਸਵੇਰੇ ਪੌਣੇ ਪੰਜ ਵਜੇ ਦੇ ਕਰੀਬ ਕਾਰ ਖੰਦੌਲੀ ਥਾਣਾ ਖੇਤਰ ਦੇ ਝਰਨਾ ਨਾਲੇ ‘ਤੇ ਕਾਰ ਨੇ ਕੰਟੇਨਰ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੀ । ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਪੰਜ ਲੋਕ ਸੜ ਕੇ ਸਵਾਹ ਹੋ ਗਏ । ਪੁਲਿਸ ਅਨੁਸਾਰ ਕਾਰ ਲਖਨਊ ਦੇ ਰਾਜ ਕੁਮਾਰ ਨਾਮ ਦੇ ਇੱਕ ਨੌਜਵਾਨ ਦੀ ਹੈ।
ਪੁਲਿਸ ਨੇ ਦੱਸਿਆ ਕਿ ਕਾਰ ਵਿੱਚ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਫਸੇ ਲੋਕ ਬਾਹਰ ਨਹੀਂ ਨਿਕਲ ਸਕੇ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਾਰੇ ਲੋਕ ਪਿੰਜਰ ਬਣ ਗਏ । ਪੁਲਿਸ ਦਾ ਮੰਨਣਾ ਹੈ ਕਿ ਜਿੰਦਾ ਮਰਨ ਵਾਲਿਆਂ ਵਿੱਚ ਇੱਕ ਬੱਚਾ, ਇੱਕ ਮਹਿਲਾ ਅਤੇ ਤਿੰਨ ਆਦਮੀ ਸ਼ਾਮਿਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਦਰਦਨਾਕ ਸੀ ਕਿ ਕਾਰ ਵਿੱਚ ਸਵਾਰ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ। ਅੱਗ ਲੱਗਣ ਕਾਰਨ ਲੋਕਾਂ ਕੋਲ ਕਾਰ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਸੀ । ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਘਟਨਾ ਬਾਰੇ ਦੱਸਿਆ ਕਿ ਪੁਲਿਸ ਅਤੇ ਫਾਇਰ ਬ੍ਰਿਗੇਡ ਵੀ ਦੇਰ ਨਾਲ ਪਹੁੰਚੀ । ਲੋਕਾਂ ਨੇ ਕਾਰ ਦੇ ਅੰਦਰੋਂ ਮਦਦ ਦੀ ਦੁਹਾਈ ਦਿੱਤੀ ਪਰ ਮਦਦ ਨਹੀਂ ਮਿਲ ਸਕੀ।