WHO says new Covid-19 strain: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨੂੰ ਕਾਬੂ ਕਰਨ ਲਈ ਬ੍ਰਿਟੇਨ ਵਿੱਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਵਾਇਰਸ ਦੀ ਨਵੀਂ ਕਿਸਮ ਸਾਹਮਣੇ ਆਉਣ ਤੋਂ ਬਾਅਦ ਕਈ ਦੇਸ਼ਾਂ ਦੀ ਚਿੰਤਾ ਵੱਧ ਗਈ ਹੈ। ਇਸ ਵਿਚਾਲੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਬ੍ਰਿਟੇਨ ਵਿੱਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਅਜੇ ਕੰਟਰੋਲ ਤੋਂ ਬਾਹਰ ਨਹੀਂ ਹੈ ਅਤੇ ਮੌਜੂਦਾ ਉਪਾਵਾਂ ਰਾਹੀਂ ਇਸ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਵਾਇਰਸ ਦੇ ਨਵੇਂ ਸਟ੍ਰੇਨ ਦੇ ਫੈਲਣ ਦੀ ਦਰ ਕਾਫ਼ੀ ਜ਼ਿਆਦਾ ਹੈ।
WHO ਦੇ ਐਮਰਜੈਂਸੀ ਵਿਭਾਗ ਦੇ ਮੁਖੀ ਮਾਈਕਲ ਰਿਆਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ, “ਕੋਰੋਨਾ ਮਹਾਂਮਾਰੀ ਦੇ ਦੌਰਾਨ ਅਸੀਂ ਬਹੁਤ ਸਾਰੀਆਂ ਥਾਵਾਂ ‘ਤੇ ਇਸ ਤੋਂ ਵੀ ਜ਼ਿਆਦਾ ਸੰਕਰਮਣ ਦੀ ਦਰ ਦੇਖੀ ਹੈ ਅਤੇ ਅਸੀਂ ਇਸ ‘ਤੇ ਕੰਟਰੋਲ ਵੀ ਕੀਤਾ ਹੈ। ਉਨ੍ਹਾਂ ਕਿਹਾ, “ਇਸ ਤਰ੍ਹਾਂ ਨਾਲ ਇਹ ਸਥਿਤੀ ਕਾਬੂ ਤੋਂ ਬਾਹਰ ਨਹੀਂ ਹੈ, ਪਰ ਇਸ ਨੂੰ ਇਸੇ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ।”
ਇਸ ਤੋਂ ਪਹਿਲਾਂ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਦਾਅਵਾ ਕੀਤਾ ਸੀ ਕਿ ਵਾਇਰਸ ਦਾ ਨਵਾਂ ਰੂਪ ਕੰਟਰੋਲ ਤੋਂ ਬਾਹਰ ਹੈ। ਬ੍ਰਿਟਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਇਰਸ ਦਾ ਨਵਾਂ ਸਟ੍ਰੇਨ COVID ਦੇ ਮੁੱਖ ਸਟ੍ਰੇਨ ਨਾਲੋਂ 70 ਪ੍ਰਤੀਸ਼ਤ ਤੇਜ਼ੀ ਨਾਲ ਫੈਲਦਾ ਹੈ।
ਇਸ ਬਾਰੇ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਰਿਆਨ ਨੇ ਕਿਹਾ, “ਮੌਜੂਦਾ ਸਮੇਂ ਵਿੱਚ ਅਸੀਂ ਜੋ ਉਪਰਾਲੇ ਕਰ ਰਹੇ ਹਾਂ, ਉਹ ਸਹੀ ਉਪਾਅ ਹਨ।” ਉਨ੍ਹਾਂ ਨੇ ਕਿਹਾ, “ਸਾਨੂੰ ਉਹ ਕਰਨ ਦੀ ਜ਼ਰੂਰਤ ਹੈ ਜੋ ਅਸੀਂ ਕਰ ਰਹੇ ਹਾਂ, ਸਾਨੂੰ ਬਸ ਇਸ ਨੂੰ ਤੇਜ਼ ਕਰਨ ਅਤੇ ਕੁਝ ਲੰਮੇ ਸਮੇਂ ਦੇ ਉਪਾਅ ਕਰਨ ਦੀ ਜ਼ਰੂਰਤ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਅਸੀਂ ਇਸ ਵਾਇਰਸ ਨੂੰ ਕਾਬੂ ਵਿੱਚ ਲਿਆ ਸਕਦੇ ਹਾਂ।”
ਇਹ ਵੀ ਦੇਖੋ: ਕਿਸਾਨ ਮੋਰਚੇ ਦੀ ਸਟੇਜ਼ ਤੋਂ ਆਗੂਆਂ ਦੇ ਗਰਜਦੇ ਬੋਲ, 27ਵੇਂ ਦਿਨ ਵੀ ਅੱਤ ਦੀ ਠੰਡ ‘ਚ ਬੁਲੰਦ ਹੌਸਲੇ !