Sri Japji Sahib Part Six : ਸ੍ਰੀ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਪਹਿਲੇ ਪਾਤਸ਼ਾਹ ਨੇ ਕਿਹਾ ਹੈ ਕਿ ਨਾਮ ਸੁਣਨ ਤੇ ਮੰਨਣ ਵਾਲੇ ਉਤਮ ਜਨ ਹਨ ਤੇ ਪ੍ਰਭੁ ਦੀ ਦਰਗਾਹ ਵਿਚ ਆਦਰ ਪਾਂਦੇ ਹਨ। ਉਨ੍ਹਾ ਦੀ ਬਿਰਤੀ ਸਿਰਫ ਉਸ ਪ੍ਰਮਾਤਮਾ ਨਾਲ ਜੁੜਦੀ ਹੈ। ਅਕਾਲ ਪੁਰਖ ਦੀ ਸਿਫਤ-ਸਲਾਹ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਇਸ ਪੂਰੀ ਰਚਨਾ ਦਾ ਸਿਰਜਣਹਾਰ ਹੈ। ਉਸ ਦੀ ਸ਼ਕਤੀ ਅਥਾਹ ਹੈ ਜੋ ਸਾਰਿਆਂ ਦਾ ਲੇਖਾ-ਜੋਖਾ ਲਿਖਣ ਵਾਲਾ ਹੈ। ਅਜਿਹੇ ਸਿਰਜਣਹਾਰ ‘ਤੇ ਇੱਕ ਵਾਰ ਵੀ ਵਾਰੀ ਨਹੀਂ ਜਾਇਆ ਜਾ ਸਕਦਾ।
ਪੰਚ ਪਰਵਾਣ ਪੰਚ ਪਰਧਾਨੁ ॥ ਪੰਚੇ ਪਾਵਹਿ ਦਰਗਹਿ ਮਾਨੁ ॥ ਪੰਚੇ ਸੋਹਹਿ ਦਰਿ ਰਾਜਾਨੁ ॥ ਪੰਚਾ ਕਾ ਗੁਰੁ ਏਕੁ ਧਿਆਨੁ ॥ ਜੇ ਕੋ ਕਹੈ ਕਰੈ ਵੀਚਾਰੁ ॥ ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਉਸ ਅਕਾਲ ਪੁਰਖ ਦਾ ਨਾਂ ਮੰਨਣ ਤੇ ਮੰਨਣ ਵਾਲੇ ਉਤਮ ਜਨ ਹੀ ਉਸ ਦੀ ਦਰਗਾਹ ਵਿੱਚ ਮਾਨੁ ਪਾਉਂਦੇ ਹਨ। ਉਹ ਰਾਜਿਆਂ ਦੇ ਦਰਬਾਰਾਂ ਵਿੱਚ ਵੀ ਉਹ ਸੁਹਾਉਂਦੇ ਹਨ। ਉਹ ਉੱਤਮ ਪੁਰਖ ਪੂਰੇ ਇਕਾਗਰ ਹੋ ਕੇ ਗੁਰੂ ਦਾ ਧਿਆਨ ਕਰਦੇ ਹਨ। ਭਾਵੇਂ ਕੋਈ ਉਸ ਅਕਾਲ ਪੁਰਖ ਦਾ ਬਖਾਨ ਕਰਨ ਦਾ ਕਿੰਨਾ ਵੀ ਯਤਨ ਕਰੇ ਪਰ ਉਸ ਦੇ ਸਿਰਜਣਹਾਰ ਦੇ ਕੌਤੁਕ ਗਿਣੇ ਨਹੀਂ ਜਾ ਸਕਦੇ।
ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਜੇ ਕੋ ਬੁਝੈ ਹੋਵੈ ਸਚਿਆਰੁ ॥ ਧਵਲੈ ਉਪਰਿ ਕੇਤਾ ਭਾਰੁ ॥ ਧਰਤੀ ਹੋਰੁ ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
ਕਹਿੰਦੇ ਹਨ ਇਹ ਧਰਤੀ ਬੈਲ ਦੇ ਸਿਰ ‘ਤੇ ਟਿਕੀ ਹੋਈ ਹੈ, ਜੋਕਿ ਦਇਆ (ਰਹਿਮ) ਦਾ ਪੁੱਤਰ ਹੈ ਇਸ ਨੇ ਪੂਰੇ ਸੰਤੋਖ ਨਾਲ ਇਸ ਧਰਤੀ ਨੂੰ ਆਪਣੇ ਉੱਤੇ ਚੁੱਕਿਆ ਹੋਇਆ ਹੈ। ਇਸ ਨੂੰ ਸਮਝਣ ਵਾਲਾ ਸੱਚਾ ਹੈ ਕਿ ਉਸ ਬੈਲ ‘ਤੇ ਕਿੰਨਾ ਭਾਰ ਹੈ। ਇਸ ਧਰਤੀ ਤੋਂ ਪਰੇ ਹੁਤ ਸਾਰੀਆਂ ਧਰਤੀਆਂ ਹਨ ਤਾਂ ਉਨ੍ਹਾਂ ਧਰਤੀਆਂ ਦਾ ਭਾਰ ਕਿਸ ਨੇ ਚੁੱਕਿਆ ਹੈ?
ਜੀਅ ਜਾਤਿ ਰੰਗਾ ਕੇ ਨਾਵ ॥ ਸਭਨਾ ਲਿਖਿਆ ਵੁੜੀ ਕਲਾਮ ॥ ਏਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ ਕੇਤਾ ਤਾਣੁ ਸੁਆਲਿਹੁ ਰੂਪੁ ॥ ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਇਸ ਸ੍ਰਿਸ਼ਟੀ ਦੇ ਸਾਰੇ ਜੀਵ-ਜੰਤੂ ਜੋ ਕਈ ਰੰਗਾਂ ਤੇ ਨਾਵਾਂ ਦੇ ਹਨ, ਉਨ੍ਹਾਂ ਦੇ ਮੱਥੇ ਦੇ ਲੇਖ ਉਸ ਅਕਾਲ ਪੁਰਖ ਦੀ ਹਰ ਵੇਲੇ ਚੱਲ ਰਹੀ ਕਲਮ ਰਾਹੀਂ ਲਿਖੇ ਗਏ ਹਨ। ਉਸ ਦਾ ਲੇਖਾ-ਜੋਖਾ ਕਿੰਨਾ ਵੱਡਾ ਹੈ ਇਸ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ। ਉਸ ਅਕਾਲ ਪੁਰਖ ਦੀ ਤਾਕਤ, ਉਸ ਦੀ ਹੈਰਾਨ ਕਰਨ ਵਾਲਾ ਰੂਪ ਅਤੇ ਉਸ ਦੀਆਂ ਦਾਤਾਂ ਦੀ ਕੋਈ ਹੱਦ ਨਹੀਂ ਪਾ ਸਕਦਾ।
ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥16॥
ਉਸ ਅਕਾਲ ਪੁਰਖ ਨੇ ਇੱਕ ਸ਼ਬਦ ਨਾਲ ਪੂਰੀ ਸ੍ਰਿਸ਼ਟੀ ਦੀ ਸਿਰਜਣਾ ਕਰ ਦਿੱਤੀ, ਲੱਖਾਂ ਹੀ ਦਰਿਆ ਵਹਿਣੇ ਸ਼ੁਰੂ ਹੋ ਗਏ। ਉਸ ਅਕਾਲ ਪੁਰਖ ਦੀ ਕੁਦਰਤ ਦਾ ਕੋਈ ਬਖਾਨ ਨਹੀਂ ਕਰ ਸਕਦਾ। ਅਜਿਹੇ ਅਕਾਲ ਪੁਰਖ ‘ਤੇ ਇਕ ਵਾਰ ਵੀ ਵਾਰੀ ਨਹੀਂ ਜਾਇਆ ਜਾ ਸਕਦਾ ਭਾਵ ਉਸ ਦੀਆਂ ਦਾਤਾਂ ਉਸ ਦੀ ਰਚਨਾ ਇੰਨੀ ਵੱਡੀ ਹੈ। ਹੇ ਅਕਾਲ ਪੁਰਖ! ਜੋ ਤੈਨੂੰ ਭਾਉਂਦਾ (ਪਸੰਦ) ਹੈ, ਤੂੰ ਉਹ ਹੀ ਕਰਦਾ ਹੈਂ। ਪ੍ਰਮਾਤਮਾ ਅਨੰਤ ਹੈ, ਨਿਰੰਕਾਰ ਹੈ।