Major negligence on the part of doctors : ਮੋਹਾਲੀ ਦੇ ਖਰੜ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਇੱਕ 46 ਸਾਲਾ ਔਰਤ ਦੇ ਬੱਚੇਦਾਨੀ ਦੇ ਆਪ੍ਰੇਸ਼ਨ ਦੌਰਾਨ ਡਾਕਟਰਾਂ ਵੱਲੋਂ ਪੱਟੀਆਂ ਦਾ ਰੋਲ ਮਰੀਜ਼ ਦੇ ਪੇਟ ਵਿੱਚ ਵੀ ਛੱਡ ਦਿੱਤਾ ਗਿਆ। ਜਦੋਂ ਔਰਤ ਦੀ ਤਕਲੀਫ ਬਹੁਤ ਵੱਧ ਗਈ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਸੋਨੀਪਤ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਹ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਹੈ। ਇਸ ਬਾਰੇ ਪਰਿਵਾਰ ਨੇ ਨਿੱਜੀ ਹਸਪਤਾਲ ਖਿਲਾਫ ਥਾਣੇ ਵਿੱਚ ਐਸਐਸਪੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਹਸਪਤਾਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਹਸਪਤਾਲ ਨੇ ਸਰਜਰੀ ਕਰਨ ਵਾਲੇ ਡਾਕਟਰਾਂ ਨੂੰ ਸਟੇਸ਼ਨ ਤੋਂ ਬਾਹਰ ਜਾਣ ਲਈ ਕਿਹਾ ਹੈ।
ਪੀੜਤ ਔਰਤ ਚੰਦਰਕਾਂਤਾ ਦੇ ਭਰਾ ਰੋਹਿਤ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਆਪਣੀ ਭੈਣ ਦਾ ਦੁੱਖ ਬਿਆਨ ਕਰਦੇ ਹੋਏ ਇੱਕ ਵੀਡੀਓ ਅਪਲੋਡ ਕੀਤੀ ਅਤੇ ਇਨਸਾਫ ਦੀ ਗੁਹਾਰ ਲਗਾਈ। ਵੀਡੀਓ ਵਿੱਚ ਉਹ ਕਹਿ ਰਿਹਾ ਹੈ ਕਿ ਉਸ ਦੀ ਭੈਣ ਦਾ 16 ਸਤੰਬਰ ਨੂੰ ਖਰੜ ਦੇ ਇਕ ਹਸਪਤਾਲ ਵਿਚ ਉਸ ਦੇ ਬੱਚੇਦਾਨੀ ਨੂੰ ਹਟਾਉਣ ਲਈ ਅਪ੍ਰੇਸ਼ਨ ਕੀਤਾ ਗਿਆ ਸੀ। ਮੇਰੇ ਨਾਲ 10 ਤੋਂ 15 ਦਿਨ ਚੰਡੀਗੜ੍ਹ ਰਹਿਣ ਤੋਂ ਬਾਅਦ ਉਹ ਸੋਨੀਪਤ ਵਾਪਸ ਘਰ ਚਲੀ ਗਈ। ਉਸਨੇ ਆਪਣੇ ਪੇਟ ਵਿਚ ਦਰਦ ਬਾਰੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਸ ਨੂੰ ਗੰਭੀਰ ਦਰਦ ਹੋਇਆ ਅਤੇ ਉਹ ਖਾਣਾ ਵੀ ਨਹੀਂ ਪਚਾ ਪਾ ਰਹੀ ਸੀ। ਅਸੀਂ ਉਸ ਨੂੰ ਇੱਕ ਸਥਾਨਕ ਡਾਕਟਰ ਕੋਲ ਲੈ ਗਏ ਅਤੇ ਉਸਨੇ ਇੱਕ ਐਮਆਰਆਈ ਸਕੈਨ ਦੀ ਸਿਫਾਰਸ਼ ਕੀਤੀ, ਜਿਸ ਵਿੱਚ ਪਤਾ ਲੱਗਾ ਕਿ ਉਸਦੇ ਸਰੀਰ ਵਿੱਚ ਕੋਈ ਚੀਜ਼ ਹੈ। ਰਿਪੋਰਟਾਂ ਦੀ ਨੇੜਿਓਂ ਜਾਂਚ ਤੋਂ ਬਾਅਦ ਡਾਕਟਰ ਨੇ ਸਾਨੂੰ ਦੱਸਿਆ ਕਿ ਇਹ ਪੱਟੀ ਹੈ।”
ਰੋਹਿਤ ਨੇ ਕਿਹਾ ਕਿ ਉਸ ਤੋਂ ਬਾਅਦ ਸੋਨੀਪਤ ਵਿਖੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਪੱਟੀ ਕਢਵਾਈ ਗਈ। ਉਹ ਸੋਨੀਪਤ ਦੇ ਆਈਸੀਯੂ ਵਿਖੇ ਆਪਣੀ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਹੈ। ਰੋਹਿਤ ਨੇ ਕਿਹਾ ਕਿ ਅਸੀਂ ਮੋਹਾਲੀ ਪ੍ਰਸ਼ਾਸਨ ਤੋਂ ਇਨਸਾਫ ਲੈਣ ਲਈ ਇਥੇ ਆਏ ਹਾਂ। ਐਮਆਰਆਈ ਰਿਪੋਰਟ ਤਸਵੀਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੱਟੀ ਉਸਦੇ ਅੰਦਰੂਨੀ ਹਿੱਸਿਆਂ ਵਿੱਚ ਫਸ ਗਈ ਸੀ ਇਸ ਨਾਲ ਇਨਫੈਕਸ਼ਨ ਹੋ ਗਈ ਸੀ।