Farmers Protest at 258 Villages: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 29ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸ ਵਿਚਾਲੇ ਇਸ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੁੱਧਵਾਰ ਨੂੰ ਪੰਜਾਬ ਦੇ 258 ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ । ਇਸ ਦੌਰਾਨ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ 15 ਜ਼ਿਲ੍ਹਿਆਂ ਦੇ ਲੋਕਾਂ ਨੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲਿਆ । ਇਸਦੇ ਨਾਲ ਹੀ 26-27 ਦਸੰਬਰ ਨੂੰ ਦਿੱਲੀ ਕੂਚ ਕਰਨ ਦੀ ਅਪੀਲ ਕੀਤੀ।
ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਜ਼ਿੱਦ ਕਾਰਨ ਹੁਣ ਤੱਕ ਰਾਜ ਦੇ 45 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਇਕੱਲੇ ਦਿੱਲੀ ਮੋਰਚੇ ਵਿੱਚ 30 ਤੋਂ ਵੱਧ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਕਿਸਾਨਾਂ ਦੇ ਇਸ ਬਲੀਦਾਨ ਨੂੰ ਅਸੀਂ ਵਿਅਰਥ ਨਹੀਂ ਜਾਣ ਦੇਵਾਂਗੇ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਹਰ ਕੀਮਤ ‘ਤੇ ਇਸ ਪ੍ਰੀਖਿਆ ਨੂੰ ਵੀ ਪਾਸ ਕਰਾਂਗੇ।
ਮੀਟਿੰਗਾਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਦਿੱਲੀ ਮੋਰਚਾ ਮੁਹਿੰਮ ਕਮੇਟੀ ਦੇ ਮੈਂਬਰ ਜਗਤਾਰ ਸਿੰਘ ਕਾਲਾਜਾਰ, ਸਰੋਜ ਦਿਆਲਪੁਰਾ, ਜਸਵਿੰਦਰ ਸਿੰਘ ਬਾਰਾਸ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਦੀਪੁਰ ਤੋਂ ਇਲਾਵਾ ਕੁਲਦੀਪ ਕੌਰ ਕੁੱਸਾ, ਰਾਮ ਸਿੰਘ ਭਣੀਬਾਗ ਸ਼ਾਮਿਲ ਰਹੇ। ਇਸ ਮੌਕੇ ਬਲਵੰਤ ਸਿੰਘ ਘੁਡਾਣੀ, ਗੁਰਮੀਤ ਸਿੰਘ ਕਿਸ਼ਨਪੁਰਾ, ਹਰਜਿੰਦਰ ਸਿੰਘ ਵਲਹੁਰ, ਮੋਹਨ ਸਿੰਘ ਨਕੋਦਰ ਅਤੇ ਜਸਪਾਲ ਸਿੰਘ ਧੰਗਾਈ ਵੀ ਮੌਜੂਦ ਰਹੇ। ਦੱਸ ਦੇਈਏ ਕਿ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਪੰਜਾਬ ਦੇ 258 ਪਿੰਡਾਂ ਵਿੱਚ ਆਉਣ ਵਾਲੀ 26-27 ਦਸੰਬਰ ਨੂੰ ਦਿੱਲੀ ਕੂਚ ਲਈ ਲੋਕ ਸੰਪਰਕ ਵੀ ਕੀਤਾ ਗਿਆ । ਕਿਸਾਨ ਆਗੂਆਂ ਨੇ ਦੱਸਿਆ ਕਿ 26 ਦਸੰਬਰ ਨੂੰ ਖਨੌਰੀ ਤੋਂ ਅਤੇ 27 ਦਸੰਬਰ ਨੂੰ ਡੱਬਵਾਲੀ ਤੋਂ ਵੱਡੀ ਗਿਣਤੀ ਵਿੱਚ ਮਹਿਲਾਵਾਂ, ਨੌਜਵਾਨ ਅਤੇ ਘੱਟੋ-ਘੱਟ 15,000 ਕਿਸਾਨ ਅਤੇ ਮਜ਼ਦੂਰ ਦਿੱਲੀ ਕੂਚ ਕਰਨਗੇ।
ਇਹ ਵੀ ਦੇਖੋ: ਹਰਿਆਣਾ ਦੇ ਸੋਨੀਪਤ ਤੋਂ ਟਰਾਲੀਆਂ ਭਰ-ਭਰ ਪਹੁੰਚੀਆਂ ਔਰਤਾਂ, ਮੋਦੀ ‘ਤੇ ਕੱਢੀ ਰੱਜ ਕੇ ਭੜਾਸ