Aus vs ind melbourne cricket ground : ਕ੍ਰਿਕਟ ਆਸਟ੍ਰੇਲੀਆ (CA) ਨੇ ਵੀਰਵਾਰ ਨੂੰ ਕਿਹਾ ਕਿ ਸਿਡਨੀ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਤਾਜ਼ਾ ਮਾਮਲਿਆਂ ਦੇ ਬਾਵਜੂਦ ਅਸਲ ਸ਼ੈਡਿਊਲ ਅਨੁਸਾਰ ਤੀਸਰਾ ਟੈਸਟ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਾਲਾਤ ਵਿੱਚ ਸੁਧਾਰ ਨਾ ਹੋਣ ‘ਤੇ ਮੈਲਬਰਨ (MCG) ਨੂੰ ਤੀਜੇ ਟੈਸਟ ਦੀ ਮੇਜ਼ਬਾਨੀ ਦੇ ਵਿਕਲਪ ਵਜੋਂ ਰੱਖਿਆ ਗਿਆ ਹੈ। ਸਿਡਨੀ ਦੇ ਉੱਤਰੀ ਤੱਟ ‘ਤੇ ਕੋਰੋਨਾ ਦੀ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ 7 ਜਨਵਰੀ ਤੋਂ ਸਿਡਨੀ ਵਿੱਚ ਤੀਜੇ ਟੈਸਟ ਦੀ ਸ਼ੁਰੂਆਤ ਹੋਣ ਬਾਰੇ ਅਜੇ ਤੱਕ ਸਥਿੱਤੀ ਸਪਸ਼ਟ ਨਹੀਂ ਹੈ। ਬਾਕਸਿੰਗ ਡੇਅ ਟੈਸਟ ਮੈਚ 26 ਦਸੰਬਰ ਤੋਂ ਮੈਲਬੌਰਨ ਵਿੱਚ ਹੋਣਾ ਹੈ ਅਤੇ ਤੀਸਰੇ ਟੈਸਟ ਦੀ ਮੇਜ਼ਬਾਨੀ ਕਰਨ ਦੀ ਵੀ ਦੌੜ ਵਿੱਚ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਸਿਡਨੀ ਕ੍ਰਿਕਟ ਗਰਾਉਂਡ (ਐਸਸੀਜੀ) ਨੂੰ ਤੀਜੇ ਟੈਸਟ ਅਤੇ ਗਾਬਾ ਨੂੰ ਚੌਥੇ ਟੈਸਟ ਦੀ ਮੇਜ਼ਬਾਨੀ ਕਰਨ ਦਾ ਪੂਰਾ ਮੌਕਾ ਦੇਵਾਂਗੇ। ਜੇ ਸਿਡਨੀ ਵਿੱਚ ਸਥਿਤੀ ਵਿੱਚ ਸੁਧਾਰ ਨਾ ਹੋਇਆ ਤਾਂ ਐਮਰਜੈਂਸੀ ਯੋਜਨਾ ਦੇ ਤਹਿਤ ਅਸੀਂ ਵਿਕਟੋਰੀਆ ਸਰਕਾਰ ਨਾਲ ਮਿਲ ਕੇ ਮੈਲਬਰਨ ਕ੍ਰਿਕਟ ਗਰਾਉਂਡ ਵਿੱਚ ਤੀਜਾ ਟੈਸਟ ਮੈਚ ਕਰਵਾਵਾਂਗੇ ਅਤੇ ਚੌਥਾ ਟੈਸਟ ਬ੍ਰਿਸਬੇਨ ਵਿੱਚ ਖੇਡਿਆ ਜਾਵੇਗਾ।”
ਇਸ ਬਾਰੇ ਅੰਤਮ ਫੈਸਲਾ ਬਾਕਸਿੰਗ ਡੇਅ ਟੈਸਟ ਦੌਰਾਨ ਲਿਆ ਜਾਵੇਗਾ। ਹਾਲਾਂਕਿ ਸਿਡਨੀ ਦੇ ਉੱਤਰੀ ਸਮੁੰਦਰੀ ਕੰਢੇ ‘ਤੇ ਹਾਲਤਾਂ ਵਿੱਚ ਸੁਧਾਰ ਹੋਇਆ ਹੈ, ਪਰ ਇਹ ਡਰ ਹੈ ਕਿ ਕੁਈਨਜ਼ਲੈਂਡ ਜ਼ਰੂਰੀ ਰਿਆਇਤਾਂ ਨਹੀਂ ਦੇਵੇਗਾ, ਭਾਵ ਖਿਡਾਰੀ ਅਤੇ ਪ੍ਰਸਾਰਣ ਟੀਮਾਂ ਸਿਡਨੀ ਤੋਂ ਬ੍ਰਿਸਬੇਨ ਦੀ ਯਾਤਰਾ ਨਹੀਂ ਕਰ ਸਕਣਗੀਆਂ ਜਿੱਥੇ ਚੌਥਾ ਟੈਸਟ ਹੋਣਾ ਹੈ। ਕ੍ਰਿਕਟ ਆਸਟ੍ਰੇਲੀਆ ਦੇ ਅੰਤਰਿਮ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹੋਕਲੇ ਨੇ ਕਿਹਾ ਕਿ ਬੋਰਡ ਰਿਆਇਤਾਂ ਲਈ ਕੁਈਨਜ਼ਲੈਂਡ ਸਰਕਾਰ ਨਾਲ ਸੰਪਰਕ ਵਿੱਚ ਹੈ। ਇਸ ਤੋਂ ਪਹਿਲਾਂ, ਮੈਲਬੌਰਨ ਕ੍ਰਿਕਟ ਕਲੱਬ ਦੇ ਸੀਈਓ ਸਟੂਅਰਟ ਫਾਕਸ ਨੇ ਵੀਰਵਾਰ ਨੂੰ ਕਿਹਾ ਕਿ ਕਲੱਬ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਲਗਾਤਾਰ ਦੋ ਟੈਸਟ ਮੈਚਾਂ ਦੀ ਮੇਜ਼ਬਾਨੀ ਲਈ ਤਿਆਰ ਹੈ, ਪਰ ਨਵੇਂ ਸਾਲ ਵਿੱਚ ਸਿਡਨੀ ਵਿੱਚ ਖੇਡੇ ਜਾਣ ਵਾਲੇ ਰਵਾਇਤੀ ਟੈਸਟ ਨੂੰ ਉਸੇ ਮੈਦਾਨ ਵਿੱਚ ਦੇਖਣਾ ਚਾਹੇਗਾ।