Sri Japji Sahib (Part eight) : ਸ੍ਰੀ ਜਪੁਜੀ ਸਾਹਿਬ ਦੀਆਂ ਅਸੰਖ ਦੀਆਂ ਪਉੜੀਆਂ ਅਨੁਸਾਰ ਅਕਾਲ ਪੁਰਖ ਦੀ ਰਚਨਾ ਵਿੱਚ ਜੀਵ ਕਿਸ-ਕਿਸ ਤਰ੍ਹਾਂ ਦੇ ਕੰਮ ਕਰ ਰਹੇ ਹਨ। ਗੁਰੂ ਸਾਹਿਬ ਨੇ ਇਹ ਫਰਮਾਇਆ ਹੈ ਕਿ ਜੀਵ ਅਸੰਖ ਗੁਣਾ ਦੇ ਧਾਰਨੀ ਹਨ ਜੋ ਤੇਰੇ ਗੁਣ ਗਾਂਦੇ ਹਨ, ਤੇਰੇ ਗੁਣਾ ਬਾਰੇ ਵਿਚਾਰ ਕਰਦੇ ਹਨ, ਸਤਵਾਦੀ, ਦਾਨੀ , ਯੋਧੇ, ਰਿਸ਼ੀ ਮੁਨੀ ਹਨ ਬੇਸ਼ੁਮਾਰ ਮੂਰਖ, ਚੋਰ, ਹਰਾਮਖੋਰ, ਜੁਲਮੀ, ਪਾਪੀ, ਕੂੜੇ, ਮਲੇਛ, ਨਿੰਦਕ ਵੀ ਹਨ। ਇਹ ਬੇਸ਼ੁਮਾਰ ਤੇਰੇ ਮੰਡਲ ਹਨ, ਜੋ ਅੱਖਰਾਂ ਰਾਹੀ ਬਿਆਨ ਨਹੀਂ ਕੀਤੇ ਜਾ ਸਕਦੇ।
ਅਸੰਖ ਜਪ ਅਸੰਖ ਭਾਉ ॥ ਅਸੰਖ ਪੂਜਾ ਅਸੰਖ ਤਪ ਤਾਉ ॥ ਅਸੰਖ ਗਰੰਥ ਮੁਖਿ ਵੇਦ ਪਾਠ ॥ ਅਸੰਖ ਜੋਗ ਮਨਿ ਰਹਹਿ ਉਦਾਸ ॥ ਅਸੰਖ ਭਗਤ ਗੁਣ ਗਿਆਨ ਵੀਚਾਰ ॥ ਅਸੰਖ ਸਤੀ ਅਸੰਖ ਦਾਤਾਰ ॥ ਅਸੰਖ ਸੂਰ ਮੁਹ ਭਖ ਸਾਰ ॥ ਅਸੰਖ ਮੋਨਿ ਲਿਵ ਲਾਇ ਤਾਰ ॥ ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥17॥
ਇਸ ਸ੍ਰਿਸ਼ਟੀ ਦੇ ਅਣਗਿਣਤ ਜੀਵ ਉਸ ਅਕਾਲ ਪੁਰਖ ਨੂੰ ਜਪ ਰਹੇ ਹਨ, ਉਸ ਨੂੰ ਪ੍ਰੇਮ ਕਰਦੇ ਹਨ, ਉਸ ਦੀ ਪੂਜਾ ਕਰਦੇ ਹਨ, ਉਸ ਦੀ ਤਪੱਸਿਆ ਕਰ ਰਹੇ ਹਨ। ਅਣਗਿਣਤ ਗ੍ਰੰਥਾਂ ਅਤੇ ਵੇਦਾਂ ਦੇ ਪਾਠ ਕੀਤੇ ਜਾਂਦੇ ਹਨ। ਅਣਗਿਣਤ ਜੋਗੀ, ਜੋ ਇਸ ਸੰਸਾਰ ਤੋਂ ਬੈਰਾਗੀ ਹਨ, ਭਗਤ ਜੋ ਉਸ ਪਮਾਤਮਾ ਦੇ ਗੁਣਾਂ ਦਾ ਬਖਾਨ ਕਰਦੇ ਹਨ। ਇਥੇ ਅਣਗਿਣਤ ਧਾਰਮਿਕ ਤੇ ਦਾਨੀ ਪੁਰਖ ਹਨ। ਅਣਗਿਣਤ ਸੂਰਮੇ ਹਨ। ਅਣਗਿਣਤ ਮੁਨੀ ਉਸ ਨਾਲ ਪ੍ਰੇਮ ਦੀ ਤਾਰ ਜੋੜੀ ਲਿਵ ਲਾ ਕੇ ਬੈਠੇ ਹਨ। ਪਰ ਉਸ ਅਕਾਲ ਪੁਰਖ ਦੀ ਕੁਦਰਤ ਦਾ ਕੋਈ ਬਖਾਨ ਨਹੀਂ ਕਰ ਸਕਦਾ। ਅਜਿਹੇ ਅਕਾਲ ਪੁਰਖ ‘ਤੇ ਇਕ ਵਾਰ ਵੀ ਵਾਰੀ ਨਹੀਂ ਜਾਇਆ ਜਾ ਸਕਦਾ ਭਾਵ ਉਸ ਦੀਆਂ ਦਾਤਾਂ ਉਸ ਦੀ ਰਚਨਾ ਇੰਨੀ ਵੱਡੀ ਹੈ। ਜੋ ਉਸ ਨੂੰ ਭਾਉਂਦਾ (ਪਸੰਦ) ਹੈ, ਉਹ ਹੀ ਕਰਦਾ ਹੈਂ। ਪ੍ਰਮਾਤਮਾ ਅਨੰਤ ਹੈ, ਨਿਰੰਕਾਰ ਹੈ।
ਅਸੰਖ ਮੂਰਖ ਅੰਧ ਘੋਰ ॥ ਅਸੰਖ ਚੋਰ ਹਰਾਮਖੋਰ ॥ ਅਸੰਖ ਅਮਰ ਕਰਿ ਜਾਹਿ ਜੋਰ ॥ ਅਸੰਖ ਗਲਵਢ ਹਤਿਆ ਕਮਾਹਿ ॥ ਅਸੰਖ ਪਾਪੀ ਪਾਪੁ ਕਰਿ ਜਾਹਿ ॥ ਅਸੰਖ ਕੂੜਿਆਰ ਕੂੜੇ ਫਿਰਾਹਿ ॥ ਅਸੰਖ ਮਲੇਛ ਮਲੁ ਭਖਿ ਖਾਹਿ ॥ ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ ਨਾਨਕੁ ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥18॥
ਅਣਗਿਣਤ ਮੂਰਖ ਅਗਿਆਨਤਾ ਕਾਰਨ ਅੰਨ੍ਹੇ ਹੋਏ ਪਏ ਹਨ, ਅਣਗਿਣਤ ਚੋਰ ਜੋ ਪਰਾਇਆ ਮਾਲ ਖਾ ਰਹੇ ਹਨ। ਅਣਗਿਣਤ ਲੋਕ ਆਪਣੀ ਮਰਜ਼ੀ ਦੂਸਰਿਆਂ ‘ਤੇ ਥੋਪਦੇ ਹਨ, ਅਣਗਿਣਤ ਲੋਕ ਦੂਸਰਿਆਂ ਦੇ ਗਲ ਵੱਢ ਕੇ ਕਾਤਲ ਬਣੇ ਹੋਏ ਹਨ। ਅਣਗਿਣਤ ਪਾਪੀ ਪਾਪ ਕਰੀ ਜਾ ਰਹੇ ਹਨ, ਅਣਗਿਣਤ ਲੋਕ ਝੂਠ ਬੋਲ ਕੇ ਆਪਣਾ ਮਾੜਾ ਕਰ ਰਹੇ ਹਨ। ਅਣਗਿਣਤ ਲੋਕ ਮੋਟੀ ਬੁੱਧੀ ਵਾਲੇ ਜੋ ਅਖਾਜ ਖਾਂਦੇ ਹਨ। ਅਣਗਿਣਤ ਲੋਕ ਚੁਗਲੀ ਕਰਕੇ ਆਪਣੇ ਸਿਰ ‘ਤੇ ਭਾਰ ਵਧਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਹੇਠਲੀ (ਨੀਚ) ਸਥਿਤੀ ਕਿਹਾ ਹੈ। ਅਜਿਹੇ ਅਕਾਲ ਪੁਰਖ ‘ਤੇ ਇਕ ਵਾਰ ਵੀ ਵਾਰੀ ਨਹੀਂ ਜਾਇਆ ਜਾ ਸਕਦਾ ਭਾਵ ਉਸ ਦੀਆਂ ਦਾਤਾਂ ਉਸ ਦੀ ਰਚਨਾ ਇੰਨੀ ਵੱਡੀ ਹੈ। ਜੋ ਉਸ ਨੂੰ ਭਾਉਂਦਾ (ਪਸੰਦ) ਹੈ, ਉਹ ਹੀ ਕਰਦਾ ਹੈਂ। ਪ੍ਰਮਾਤਮਾ ਅਨੰਤ ਹੈ, ਨਿਰੰਕਾਰ ਹੈ।