disinvestment of psidc realising rs 40.90 crores: ਚੰਡੀਗੜ੍ਹ, 27 ਦਸੰਬਰ: ਪੰਜਾਬ ਦੇ ਉਦਯੋਗਿਕ ਵਿਭਾਗ ਵੱਲੋਂ ਕੋਵਿਡ-19 ਮਹਾਂਮਾਰੀ ਕਰਕੇ ਪ੍ਰਭਾਵਿਤ ਉਦਯੋਗਾਂ ਨੂੰ ਵੱਡੀ ਰਾਹਤ ਦਿੰਦਿਆਂ ਕਈ ਅਹਿਮ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਅੱਜ ਇੱਥੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਫੈਲਣ ਤੋਂ ਬਾਅਦ ਉਦਯੋਗ ਵਿਭਾਗ ਨੇ ਪੂਰੀ ਸਰਗਰਮੀ ਨਾਲ ਕੰਮ ਕੀਤਾ ਅਤੇ ਪੰਜਾਬ ਰਾਈਟ ਟੂ ਬਿਜ਼ਨਸ ਐਕਟ 2020, ਨਵੇਂ ਟੈਲੀਕਾਮ ਦਿਸ਼ਾ ਨਿਰਦੇਸ਼ 2020, ਜ਼ਿਲ੍ਹਾ ਸੁਧਾਰ ਕਾਰਜ ਯੋਜਨਾ 2019-20 ਤੋਂ ਇਲਾਵਾ ਪੀ.ਏ.ਸੀ.ਐਲ. ਦੇ ਵਿਨਿਵੇਸ਼ ਦੀ ਸਫ਼ਲ ਪ੍ਰਾਪਤੀ, ਜਿਸ ਨਾਲ 40.90 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਇਆ, ਜਿਹੇ ਕਈ ਉਪਰਾਲੇ ਕੀਤੇ ਹਨ। ਸ੍ਰੀ ਅਰੋੜਾ ਨੇ ਅੱਗੇ ਦੱਸਿਆ ਕਿ ਵਿਭਾਗ ਇਸ ਸਾਲ ਦੌਰਾਨ ਪੀ.ਐਸ.ਆਈ.ਡੀ.ਸੀ. ਪੀ.ਏ.ਸੀ.ਐਲ ਦੀ 33.35 ਫੀਸਦੀ ਹਿੱਸੇਦਾਰੀ ਦਾ ਵਿਨਿਵੇਸ਼ ਪ੍ਰਾਪਤ ਕਰਨ ਵਿੱਚ ਸਫ਼ਲ ਹੋਇਆ। ਹੋਰ ਵੱਡੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਦੱਸਦੇ ਹੋਏ ਮੰਤਰੀ ਨੇ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਮਨਜ਼ੂਰੀ ਤੋਂ ਬਾਅਦ ਭਾਰਤ ਸਰਕਾਰ ਦੇ ਆਰ.ਓ.ਡਬਲਿਊ. (ਰੋਅ) ਰੂਲਜ਼ ਅਨੁਸਾਰ ਨਵੇਂ ਟੈਲੀਕਾਮ ਦਿਸ਼ਾ ਨਿਰਦੇਸ਼ 2020 ਨੋਟੀਫਾਈ ਕੀਤੇ ਗਏ ਜਿਸ ਨਾਲ ਸੂਬੇ ਦੇ ਟੈਲੀਕਾਮ ਸੈਕਟਰ ਵਿੱਚ ਨਿਵੇਸ਼ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ ਟੈਲੀਕਾਮ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਲਈ ਕਾਰੋਬਾਰ ਕਰਨ ਵਿੱਚ ਅਸਾਨਤਾ ਦੇ ਨਾਲ ਸੂਬੇ ਵਿੱਚ ਸੰਪਰਕ ਹੋਰ ਬਿਹਤਰ ਹੋਵੇਗਾ। ਵਿਭਾਗ ਵੱਲੋਂ ਕੋਵਿਡ-19 ਮਹਾਂਮਾਰੀ ਦੌਰਾਨ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਦਿਸ਼ਾ- ਨਿਰਦੇਸ਼ਾਂ ਅਨੁਸਾਰ ਉਦਯੋਗਾਂ ਦੇ ਸੁਚਾਰੂ ਕੰਮਕਾਜ ਲਈ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ।ਜ਼ਿਲ੍ਹਾ ਉਦਯੋਗ ਕੇਂਦਰਾਂ ਦੇ ਜਨਰਲ ਮੈਨੇਜਰਾਂ ਵੱਲੋਂ ਮਨਜ਼ੂਰੀਆਂ/ਕਰਫ਼ਿਊ ਪਾਸ ਪ੍ਰਦਾਨ ਕਰਕੇ ਉਦਯੋਗਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਗਈ।ਮੌਜੂਦਾ ਸਮੇਂ ਕੋਵਿਡ-19 ਦੇ ਫੈਲਾਅ ਤੋਂ ਪਹਿਲਾਂ ਦੀਆਂ 2,59,799 ਇਕਾਈਆਂ ਵਿੱਚੋਂ 2,37,118 ਇਕਾਈਆਂ ਕਾਰਜਸ਼ੀਲ ਹਨ।
ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਨਵੇਂ ਸਥਾਪਿਤ ਲਘੂ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮ.ਐਸ.ਐਮ.ਈਜ਼) ’ਤੇ ਰੈਗੂਲੇਟਰੀ ਬੋਝ ਨੂੰ ਘਟਾਉਣ ਲਈ ਰਾਜ ਵਿਧਾਨ ਸਭਾ ਪਾਸੋਂ 17.01.2020 ਨੂੰ ਮਨਜ਼ੂਰੀ ਲੈਣ ਉਪਰੰਤ 6.2.2020 ਨੂੰ ਪੰਜਾਬ ਰਾਈਟ ਟੂ ਬਿਜ਼ਨਸ ਐਕਟ ਨੋਟੀਫਾਈ ਕੀਤਾ ਗਿਆ ਜਿਸ ਤੋਂ ਬਾਅਦ 29.07.2020 ਨੂੰ ਪੰਜਾਬ ਰਈਟ ਟੂ ਬਿਜ਼ਨਸ ਰੂਲਜ਼, 2020 ਨੋਟੀਫਾਈ ਕੀਤੇ ਗਏ। ਇਸ ਐਕਟ ਅਧੀਨ ਉਦਯੋਗਿਕ ਪਾਰਕਾਂ/ਉਦਯੋਗਿਕ ਖੇਤਰਾਂ ਵਿੱਚ ਨਵੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਐਮ.ਐਸ.ਐਮ.ਈਜ਼ ਇਕਾਈਆਂ ਨੂੰ ਕੰਮ ਦੇ 3 ਤੋਂ 15 ਦਿਨਾਂ ਦੇ ਅੰਦਰ ਸਿਧਾਂਤਕ ਪ੍ਰਵਾਨਗੀ ਸਬੰਧੀ ਸਰਟੀਫਿਕੇਟ ਜਾਰੀ ਕਰਨ ਲਈ ਡਿਸਟਿ੍ਰਕਟ ਬਿਊਰੋ ਆਫ਼ ਇੰਟਰਪ੍ਰਾਇਜਜ਼ ਨੂੰ ਅਧਿਕਾਰਤ ਕੀਤਾ ਗਿਆ ਹੈ।