Farmers Protest: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 33ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸੇ ਵਿਚਾਲੇ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਗੱਲਬਾਤ ਕਰਨ ਦੀ ਨਵੀਂ ਤਰੀਕ ਤੈਅ ਕਰਨ ਲਈ ਇੱਕ ਹੋਰ ਪੱਤਰ ਭੇਜਿਆ ਗਿਆ ਸੀ। ਜਿਸ ਨੂੰ ਲੈ ਕੇ ਮੰਗਲਵਾਰ ਦੋਹਾਂ ਪੱਖਾਂ ਵਿਚਾਲੇ ਗੱਲਬਾਤ ਹੋ ਸਕਦੀ ਹੈ। ਕਿਸਾਨਾਂ ਵੱਲੋਂ ਦਿੱਤੇ ਗਏ ਪ੍ਰਸਤਾਵ ‘ਤੇ ਸੋਮਵਾਰ ਨੂੰ ਸਰਕਾਰ ਜਵਾਬ ਦੇਵੇਗੀ। ਅਜਿਹੇ ਵਿੱਚ ਉਮੀਦ ਹੈ ਕਿ ਇਸ ਵਾਰ ਮੰਥਨ ਨਾਲ ਕੁਝ ਫੈਸਲਾ ਨਿਕਲੇਗਾ। ਉੱਥੇ ਹੀ ਕਿਸਾਨਾਂ ਵੱਲੋਂ ਆਪਣਾ ਅੰਦੋਲਨ ਤੇਜ਼ ਕਰਨ ਦੀ ਗੱਲ ਕਹੀ ਗਈ ਹੈ, ਜਗ੍ਹਾ-ਜਗ੍ਹਾ ਪ੍ਰਦਰਸ਼ਨ ਤੇ ਚੀਜ਼ਾਂ ਦਾ ਬਾਈਕਾਟ ਜਾਰੀ ਰਹੇਗਾ।
ਕਿਸਾਨਾਂ ਅੰਦੋਲਨ ਵਿਚਾਲੇ ਕਾਂਗਰਸ ਵੱਲੋਂ ਲਗਾਤਾਰ ਕਿਸਾਨਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਆਪਣੇ ਸਥਾਪਨਾ ਦਿਵਸ ਦੇ ਮੌਕੇ ‘ਤੇ ਕਾਂਗਰਸ ਭੋਪਾਲ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਇੱਕ ਟਰੈਕਟਰ ਰੈਲੀ ਕੱਢੇਗੀ । ਇਸ ਵਿੱਚ ਸੰਸਦ ਮੈਂਬਰ ਕਾਂਗਰਸੀ ਆਗੂ, ਵਿਧਾਇਕ ਅਤੇ ਹੋਰ ਮੌਜੂਦ ਰਹਿਣਗੇ ।
ਦੱਸ ਦੇਈਏ ਕਿ ਹੁਣ ਤੱਕ ਸਰਕਾਰ ਅਤੇ ਕਿਸਾਨਾਂ ਵਿਚਾਲੇ 6 ਦੌਰ ਦੇ ਵਿਚਾਰ ਵਟਾਂਦਰੇ ਹੋ ਚੁੱਕੇ ਹਨ ਪਰ ਕੋਈ ਫੈਸਲਾ ਨਹੀਂ ਹੋ ਸਕਿਆ ਹੈ । ਹੁਣ ਇੱਕ ਵਾਰ ਫਿਰ ਦੋਵੇਂ ਪੱਖ ਗੱਲਬਾਤ ਦੇ ਟੇਬਲ ‘ਤੇ ਆ ਗਏ ਹਨ, ਅਜਿਹੀ ਸਥਿਤੀ ਵਿੱਚ ਉਮੀਦਾਂ ਬਰਕਰਾਰ ਹਨ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰ ਦਿੱਤਾ ਹੈ। ਨਵੇਂ ਸਾਲ ਤੱਕ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਕਿਸਾਨ ਐਸੋਸੀਏਸ਼ਨਾਂ ਮੀਟਿੰਗਾਂ ਕਰਨਗੀਆਂ।