Oxford-AstraZeneca coronavirus vaccine: ਕੋਰੋਨਾ ਵਾਇਰਸ ਦੀ ਰੋਕਥਾਮ ਲਈ ਕਈ ਦੇਸ਼ਾਂ ਨੇ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ । ਬ੍ਰਿਟੇਨ ਨੇ ਹਾਲ ਹੀ ਵਿੱਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਨਾਲ ਹੀ ਬ੍ਰਿਟੇਨ ਨੇ ਆਕਸਫੋਰਡ ਦੀ ਕੋਰੋਨਾ ਵੈਕਸੀਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ । ਇਸ ਵੈਕਸੀਨ ਦੀ ਪ੍ਰਵਾਨਗੀ ਦੇ ਨਾਲ ਬ੍ਰਿਟੇਨ ਦੇ ਲੋਕਾਂ ਨੂੰ ਆਕਸਫੋਰਡ-ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ ਦਿੱਤੀ ਜਾ ਸਕੇਗੀ। ਆਮ ਲੋਕਾਂ ਨੂੰ ਆਕਸਫੋਰਡ-ਐਸਟਰਾਜ਼ੇਨੇਕਾ ਕੋਵਿਡ-19 ਵੈਕਸੀਨ ਦੇਣ ਦੀ ਸ਼ੁਰੂਆਤ ਬ੍ਰਿਟੇਨ ਵਿੱਚ ਜਲਦੀ ਕੀਤੀ ਜਾਵੇਗੀ ।
ਬ੍ਰਿਟੇਨ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਰਾਹੀਂ ਡਿਜਾਇਨ ਕੀਤੀ ਗਈ ਕੋਰੋਨਾ ਵਾਇਰਸ ਵੈਕਸੀਨ ਨੂੰ ਲੋਕਾਂ ਦੀ ਵਰਤੋਂ ਲਈ ਮਨਜ਼ੂਰ ਦਿੱਤੀ ਗਈ ਹੈ। ਇਸ ਨਾਲ ਯੂਕੇ ਵਿੱਚ ਟੀਕਾਕਰਨ ਮੁਹਿੰਮ ਵਿੱਚ ਵੱਡੇ ਪੱਧਰ ‘ਤੇ ਵਾਧਾ ਦੇਖਣ ਨੂੰ ਮਿਲੇਗਾ। ਇਸਦੇ ਨਾਲ ਹੀ ਯੂਕੇ ਨੇ ਆਕਸਫੋਰਡ-ਐਸਟਰਾਜ਼ੇਨੇਕਾ ਦੀ ਕੋਰੋਨਾ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਦੇ ਆਦੇਸ਼ ਦਿੱਤੇ ਹਨ, ਜੋ ਕਿ 5 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਲਈ ਕਾਫ਼ੀ ਹਨ। ਬ੍ਰਿਟੇਨ ਵਿੱਚ ਪਹਿਲਾਂ ਹੀ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ। ਪਰ ਆਕਸਫੋਰਡ ਵੈਕਸੀਨ ਦੀ ਪ੍ਰਵਾਨਗੀ ਦੇ ਨਾਲ ਯੂਕੇ ਵਿੱਚ ਟੀਕਾਕਰਨ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ ਕਿਉਂਕਿ ਇਹ ਵੈਕਸੀਨ ਸਸਤੀ ਹੈ ਅਤੇ ਇਸਦਾ ਵੱਡੇ ਪੱਧਰ ‘ਤੇ ਉਤਪਾਦਨ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਦਵਾਈ ਕੰਪਨੀ ਫਾਈਜ਼ਰ-ਬਾਇਓਨੋਟੈਕ ਦੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਬ੍ਰਿਟੇਨ ਪਹਿਲਾ ਦੇਸ਼ ਬਣ ਗਿਆ ਸੀ। ਇਸ ਦੇ ਨਾਲ ਹੀ, ਆਕਸਫੋਰਡ ਦੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਵੀ ਬ੍ਰਿਟੇਨ ਦੁਨੀਆ ਦਾ ਪਹਿਲਾ ਦੇਸ਼ ਹੈ। ਡਰੱਗ ਰੈਗੂਲੇਟਰ ਰਾਹੀਂ ਮਨਜ਼ੂਰੀ ਦੇਣ ਦਾ ਮਤਲਬ ਹੈ ਕਿ ਵੈਕਸੀਨ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਲੋਕਾਂ ਨੂੰ ਇਸ ਦੀ ਖੁਰਾਕ ਦਿੱਤੀ ਜਾ ਸਕਦੀ ਹੈ। ਉੱਥੇ ਹੀ ਇਸ ਵੈਕਸੀਨ ਦਾ ਨਿਰਮਾਣ ਇੰਨੀ ਤੇਜ਼ ਗਤੀ ਨਾਲ ਕੀਤਾ ਗਿਆ ਹੈ ਜੋ ਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਕਲਪਨਾਯੋਗ ਨਹੀਂ ਸੀ।
ਦੱਸ ਦੇਈਏ ਕਿ ਇਸ ਵੈਕਸੀਨ ਦੀ ਵਿਸ਼ੇਸ਼ਤਾ ਇਹ ਹੈ ਕਿ ਆਕਸਫੋਰਡ ਦੀ ਕੋਰੋਨਾ ਵੈਕਸੀਨ ਨੂੰ ਇੱਕ ਆਮ ਫਰਿੱਜ ਵਿੱਚ ਵੀ ਸਟੋਰ ਕੀਤਾ ਜਾ ਸਕਦਾ ਹੈ। ਭੰਡਾਰਨ ਦੇ ਮਾਮਲੇ ਵਿੱਚ ਆਕਸਫੋਰਡ ਦੀ ਵੈਕਸੀਨ ਫਾਈਜ਼ਰ ਦੀ ਵੈਕਸੀਨ ਤੋਂ ਅਲੱਗ ਹੈ। ਫਾਈਜ਼ਰ ਦੀ ਵੈਕਸੀਨ ਨੂੰ ਮਾਇਨਸ 70 ਡਿਗਰੀ ਦੇ ਤਾਪਮਾਨ ‘ਤੇ ਰੱਖਣਾ ਜ਼ਰੂਰੀ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਆਕਸਫੋਰਡ ਵੈਕਸੀਨ ਨੂੰ ਕਿਤੇ ਵੀ ਹਾਸਿਲ ਕਰਨਾ ਸੌਖਾ ਹੋਵੇਗਾ। ਉੱਥੇ ਹੀ ਬ੍ਰਿਟੇਨ ਵਿੱਚ ਟੀਕਾਕਰਨ ਲਈ ਪਹਿਲ ਵਾਲੇ ਸਮੂਹ ਵਿੱਚ ਬਜ਼ੁਰਗ, ਸਿਹਤ ਅਤੇ ਦੇਖਭਾਲ ਕਰਮਚਾਰੀਆਂ ਦੀ ਪਹਿਚਾਣ ਕੀਤੀ ਜਾ ਚੁੱਕੀ ਹੈ।
ਇਹ ਵੀ ਦੇਖੋ: ਲਓ ਜੀ ਹੁਣ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਦੇਖੋ ਕਿਸ ਚੀਜ਼ ਦਾ ਲਾਇਆ ਗਿਆ ਐ ਲੰਗਰ……