Former Union Home: ਚੰਡੀਗੜ੍ਹ : ਸਾਬਕਾ ਕੇਂਦਰੀ ਗ੍ਰਹਿ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸ. ਬੂਟਾ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ ਅਤੇ ਕਾਫੀ ਦੇਰ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਜਨਮ 21 ਮਾਰਚ 1934 ਨੂੰ ਪੰਜਾਬ ਦੇ ਜਲੰਧਰ ਦੇ ਪਿੰਡ ਮੁਸਤਫਾਪੁਰ ਵਿਖੇ ਹੋਇਆ ਸੀ। ਉਹ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ।
ਕੌਮੀ ਪੱਧਰ ਤੇ ਕਾਂਗਰਸ ਦੇ ਕੱਦਾਵਾਰ ਦਲਿਤ ਆਗੂ ਬੂਟਾ ਸਿੰਘ ਨੇ ਕੇਂਦਰੀ ਮੰਤਰੀ, ਬਿਹਾਰ ਦੇ ਰਾਜਪਾਲ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਦੇਸ਼ ਦੀ ਸੇਵਾ ਕੀਤੀ ਹੈ। ਜਲੰਧਰ ਨੇੜਲੇ ਪਿੰਡ ਮੁਸਤਫ਼ਾਪੁਰ ਦੇ ਜੰਮਪਲ ਬੂਟਾ ਸਿੰਘ ਅੱਠ ਵਾਰ ਲੋਕ ਸਭਾ ਲਈ ਚੁਣੇ ਗਏ ਅਤੇ ਗਾਂਧੀ-ਨਹਿਰੂ ਪਰਿਵਾਰ ਦੇ ਵਫ਼ਾਦਾਰ ਆਗੂਆਂ ਵਿਚ ਸ਼ਾਮਲ ਸਨ । 1977 ‘ਚ ਜਨਤਾ ਲਹਿਰ ਕਾਰਨ ਜਦੋਂ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਸੀ ਤੇ ਪਾਰਟੀ ਦੋ ਟੁਕੜੇ ਹੋ ਗਈ ਸੀ ਤਾਂ ਸ. ਬੂਟਾ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਦੇ ਇਕੱਲੇ ਕੌਮੀ ਜਨਰਲ ਸਕੱਤਰ ਵਜੋਂ ਮਿਹਨਤ ਕਰਕੇ ਪਾਰਟੀ ਨੂੰ 1980 ‘ਚ ਦੁਬਾਰਾ ਸੱਤਾ ‘ਚ ਲਿਆਉਣ ‘ਚ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਸ. ਬੂਟਾ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ, ਰੇਲਵੇ ਮੰਤਰੀ ਤੇ ਖੇਡ ਮੰਤਰੀ ਵਜੋਂ ਵੀ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਸ. ਬੂਟਾ ਸਿੰਘ ਦੇ ਦੇਹਾਂਤ ਨਾਲ ਕਾਂਗਰਸ ਪਾਰਟੀ ਦੇ ਨਾਲ-ਨਾਲ ਪੂਰੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਬੂਟਾ ਸਿੰਘ ਕਾਂਗਰਸ ਨਾਲ ਉਦੋਂ ਜੁੜੇ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਪੀ ਵੀ ਨਰਸਿਮਹਾ ਰਾਓ ਅਤੇ ਮਨਮੋਹਨ ਸਿੰਘ ਦੀ ਮੰਤਰੀ ਮੰਡਲ ਵਿੱਚ ਸੇਵਾ ਨਿਭਾਈ ਸੀ। ਉਨ੍ਹਾਂ ਨੇ ਦੇਸ਼ ਵਿੱਚ ਇੱਕ ਦਲਿਤ ਨੇਤਾ ਵਜੋਂ ਆਪਣੀ ਪਛਾਣ ਬਣਾਈ। ਆਪ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) (1978–1980) ਦਾ ਜਨਰਲ ਸਕੱਤਰ, ਭਾਰਤ ਦਾ ਗ੍ਰਹਿ ਮੰਤਰੀ ਅਤੇ ਬਾਅਦ ਵਿੱਚ ਬਿਹਾਰ ਦਾ ਰਾਜਪਾਲ (2004 (2006) ਬਣੇ। ਬੂਟਾ ਸਿੰਘ ਦਲਿਤਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਨ। ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ / ਦੁਬਾਰਾ ਉਸਾਰੀ ਦੇ ਕੰਮ ਵਿਚ ਭਾਰਤ ਅਤੇ ਵਿਦੇਸ਼ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਸਨ। ਸੰਨ 1984 ਵਿਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ, ਉਨ੍ਹਾਂ ਨੇ ਦਿੱਲੀ ਅਤੇ ਹੋਰ ਥਾਵਾਂ ਦੇ ਗੁਰਦੁਆਰਿਆਂ ਦੇ ਮੁੜ ਨਿਰਮਾਣ ਵਿਚ ਵੀ ਭੂਮਿਕਾ ਨਿਭਾਈ।