Constable raped woman : ਲੁਧਿਆਣਾ ਵਿੱਚ ਹੈੱਡ ਕਾਂਸਟੇਬਲ ਵੱਲੋਂ ਥਾਣੇ ਵਿੱਚ ਸ਼ਿਕਾਇਤ ਕਰਨ ਆਈ ਇੱਕ ਔਰਤ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਔਰਤ ਨੂੰ ਜ਼ਬਰਦਸਤੀ ਘਰੋਂ ਚੁੱਕਿਆ ਅਤੇ ਚੌਂਕੀ ਵਿੱਚ ਹੀ ਲਿਆ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨ ਰਾਕੇਸ਼ ਅਗਰਵਾਲ ਨੂੰ ਦਿੱਤੀ, ਇੱਕ ਮਹੀਨੇ ਦੀ ਜਾਂਚ ਤੋਂ ਬਾਅਦ ਕਾਂਸਟੇਬਲ ਰਾਕੇਸ਼ ਕੁਮਾਰ ’ਤੇ ਪੁਲਿਸ ਕਸਟਡੀ ਵਿੱਚ ਬਲਾਤਕਾਰ ਕਰਨ ਦਾ ਮਾਮਲਾ ਕੱਲ੍ਹ ਸੋਮਵਾਰ ਨੂੰ ਦਰਜ ਕੀਤਾ ਗਿਆ ਹੈ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦਾ ਸਾਥ ਦੇਣ ਵਾਲੇ ਏਐਸਆਈ ਨੂੰ ਸਸਪੈਂਡ ਕਰਕੇ ਪੂਰੇ ਥਾਣੇ ਦੇ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿੰਨ ਔਤਾਂ ਸਣੇ ਚਾਰ ਖਿਲਾਫ ਵੀ ਮਾਰਕੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪੀੜਤ ਲੜਕੀ ਨੇ ਇਸ ਦੀ ਸ਼ਿਕਾਇਤ ਉੱਚ ਪੁਲਿਸ ਅਧਿਕਾਰੀ ਕੋਲ ਕੀਤੀ ਹੈ। ਇੱਕ ਮਹੀਨਾ ਲੰਬੀ ਜਾਂਚ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁੰਡੀਆ ਖੁਰਦ ਦੀ ਟਿੱਬਾ ਕਲੋਨੀ ਵਿੱਚ ਰਹਿਣ ਵਾਲੀ ਇੱਕ ਔਰਤ, ਉਸਦੀ ਧੀ, ਪੁੱਤਰ ਅਤੇ ਸਹੇਲੀ ਅਤੇ ਥਾਣਾ ਮੁੰਡੀਆ ਕਲਾਂ ਵਿੱਚ ਤਾਇਨਾਤ ਹੈਡ ਕਾਂਸਟੇਬਲ ਰਾਕੇਸ਼ ਕੁਮਾਰ ਖਿਲਾਫ ਕੇਸ ਦਰਜ ਕੀਤਾ। ਪੀੜਤਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਹ ਆਪਣੇ ਪਤੀ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਉਸਦੇ ਪਤੀ ਦਾ ਇੱਕ ਦੋਸਤ ਹੈ। ਦੋਸਤ ਦੀ ਰਿਸ਼ਤੇਦਾਰ ਇੱਕ ਔਰਤ ਹੈ। ਔਰਤ ਨੇ ਉਸ ’ਤੇ ਦੋਸ਼ ਲਾਇਆ ਕਿ ਉਸ ਦੇ ਰਿਸ਼ਤੇਦਾਰ ਨਾਲ ਉਸ ਦੇ ਸੰਬੰਧ ਹਨ। 3 ਦਸੰਬਰ 2020 ਨੂੰ ਪੀੜਤਾ ਦਾ ਪਤੀ ਬਾਹਰ ਗਿਆ ਹੋਇਆ ਸੀ। ਇਸੇ ਦੌਰਾਨ ਰੰਜਿਸ਼ ਵਿਚ ਦੋਸ਼ੀ ਔਰਤ, ਉਸ ਦੀ ਧੀ, ਉਸ ਦਾ ਲੜਕਾ ਅਤੇ ਦੋਸਤ ਉਨ੍ਹਾਂ ਦੇ ਘਰ ਆਏ ਅਤੇ ਖਿੱਚ ਕੇ ਉਸ ਨੂੰ ਵਾਲਾਂ ਤੋਂ ਘਸੀਟਿਆ ਤੇ ਕੁੱਟਿਆ। ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਦੋਂ ਆਲੇ-ਦੁਆਲੇ ਦੇ ਲੋਕ ਆਏ ਤਾਂ ਉਹ ਉਥੋਂ ਉਨ੍ਹਾਂ ਨੂੰ ਧਮਕੀਆਂ ਦਿੰਦੇ ਹੋਏ ਭੱਜ ਗਏ। 4 ਦਸੰਬਰ ਨੂੰ, ਜਦੋਂ ਉਹ ਇਸ ਬਾਰੇ ਸ਼ਿਕਾਇਤ ਲਈ ਆਪਣੇ ਪਤੀ ਨਾਲ ਚੌਕੀ ਮੁੰਡੀਆਂ ਵਿਖੇ ਗਈ ਤਾਂ ਚੌਕੀ ਇੰਚਾਰਜ ਅਤੇ ਦੋਸ਼ੀ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਨੇ ਕੋਈ ਗੱਲ ਨਹੀਂ ਸੁਣੀ ਅਤੇ ਧਮਕੀ ਦੇ ਕੇ ਉਨ੍ਹਾਂ ਨੂੰ ਭਜਾ ਦਿੱਤਾ। ਜਦੋਂ ਉਨ੍ਹਾਂ ਕੋਈ ਕਾਰਵਾਈ ਨਾ ਕੀਤੀ ਤਾਂ ਉਸਨੇ ਅਗਲੇ ਦਿਨ ਘਰ ਖਾਲੀ ਕਰਨ ਲਈ ਸਮਾਨ ਦੀ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਪਤੀ ਦਾ ਦੋਸਤ ਵੀ ਮਦਦ ਲਈ ਆ ਗਿਆ।
ਦੇਰ ਰਾਤ ਤਕਰੀਬਨ ਸਾਢੇ 12 ਵਜੇ ਦੋਸ਼ੀ ਹੈੱਡ ਕਾਂਸਟੇਬਲ ਰਾਕੇਸ਼ ਇੱਕ ਨੌਕਰ ਨਾਲ ਘਰ ਆਇਆ ਅਤੇ ਉਸਨੂੰ ਅਤੇ ਉਸਦੇ ਪਤੀ ਦੇ ਦੋਸਤ ਨੂੰ ਜਬਰੀ ਪੁਲਿਸ ਥਾਣੇ ਲੈ ਆਇਆ। ਜਿਥੇ ਦੋਸ਼ੀ ਰਾਕੇਸ਼ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸਨੂੰ ਪੁਲਿਸ ਚੌਕੀ ਦੀ ਛੱਤ ’ਤੇ ਲੈ ਗਏ ਅਤੇ ਕਿਹਾ ਕਿ ਇੱਥੋਂ ਦੀ ਮਹਿਲਾ ਪੁਲਿਸ ਮੁਲਾਜ਼ਮ ਤੋਂ ਪੁੱਛਗਿੱਛ ਕੀਤੀ ਜਾਏਗੀ। ਜਦੋਂ ਕਿ ਛੱਤ ‘ਤੇ ਕੋਈ ਨਹੀਂ ਸੀ। ਇੱਥੇ ਦੋਸ਼ੀ ਰਾਕੇਸ਼ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਧਮਕੀ ਦਿੱਤੀ ਕਿ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸਣ। ਉਸ ਨੇ ਸਵੇਰੇ 4 ਵਜੇ ਤੱਕ ਉਸ ਨੂੰ ਨਗਨ ਰੱਖਿਆ ਅਤੇ ਸਵੇਰੇ ਉਸ ਨੂੰ ਕੱਪੜੇ ਦਿੱਤੇ। ਇਸ ਦੌਰਾਨ ਬਾਕੀ ਦੇ ਮੁਲਾਜ਼ਮ ਵੀ ਉਥੇ ਮੌਜੂਦ ਸਨ। ਜੇ ਕੁਝ ਦੱਸਿਆ, ਤਾਂ ਪਤੀ ਅਤੇ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਪੀੜਤ ਲੜਕੀ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਕਾਂਸਟੇਬਲ ’ਤੇ ਪਰਚਾ ਦਰਜ ਕੀਤਾ ਗਿਆ। ਜਾਂਚ ਅਧਿਕਾਰੀ ਏਐਸਆਈ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਕੇਸ਼ ਕੁਮਾਰ ਇਸ ਸਮੇਂ ਪੁਲੀਸ ਲਾਈਨ ਵਿੱਚ ਹੈ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੁਮਨ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਕਿਹਾਕਿ ਸੀਪੀ ਲੁਧਿਆਣਾ ਨੂੰ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਕਿ 6 ਵਜੇ ਤੋਂ ਬਾਅਦ ਔਰਤਾਂ ਨੂੰ ਥਾਣੇ ਵਿੱਚ ਬੁਲਾਉਣ ’ਤੇ ਪਾਬੰਦੀ ਹੈ ਤਾਂ ਕਿਵੇਂ ਦੇਰ ਰਾਤ ਔਰਤ ਨੂੰ ਥਾਣੇ ਵਿੱਚ ਲਿਆਇਆ ਗਿਆ। ਜੇਕਰ ਲਿਆਇਆ ਗਿਆ ਤਾਂ ਮਹਿਲਾ ਕਾਂਸਟੇਬਲ ਕਿਉਂ ਨਹੀਂ ਗਈ ਅਤੇ ਥਾਣੇ ਵਿੱਚ ਮਹਿਲਾ ਕਾਂਸਟੇਬਲ ਕਿਉਂ ਨਹੀਂ ਸੀ। ਉਥੇ ਹੀ ਇਸ ਬਾਰੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ ਇਸ ਤੋਂ ਬਾਅਦ ਸਖਤ ਕਾਰਵਾਈ ਹੋਵੇਗੀ। ਉਥੇ ਹੀ ਮਹਿਲਾ ਮੁਲਾਜ਼ਮਾਂ ਨੂੰ ਰਾਤ ਨੂੰ ਥਾਣੇ ਵਿੱਚ ਨਹੀਂ ਰੁਕਣ ਦਿੱਤਾ ਜਾਂਦਾ, ਕੋਈ ਕੇਸ ਆਉਣ ’ਤੇ ਬੁਲਾਇਆ ਜਾਂਦਾ ਹੈ।