Delhi farmers protest live : ਨਵੀਂ ਦਿੱਲੀ : ਕਿਸਾਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ। ਕਿਸਾਨਾਂ ਦੇ ਅੰਦੋਲਨ ਦਾ ਅੱਜ 42 ਵਾਂ ਦਿਨ ਹੈ, ਸੱਤ ਗੇੜ ਵਿਚਾਰ ਵਟਾਂਦਰੇ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਵਾਦ ਬਣਿਆ ਹੋਇਆ ਹੈ। ਜਦਕਿ ਸਰਕਾਰ ਕਿਸਾਨਾਂ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਲਾਭ ਗਿਣਾ ਰਹੀ ਹੈ, ਕਿਸਾਨ ਸੰਗਠਨ ਕਾਨੂੰਨਾਂ ਨੂੰ ਵਾਪਿਸ ਲੈਣ ‘ਤੇ ਅੜੇ ਹੋਏ ਹਨ। 8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਦਾ 8 ਵਾਂ ਦੌਰ ਤੈਅ ਹੋਇਆ ਹੈ, ਪਰ ਇਸ ਤੋਂ ਪਹਿਲਾਂ, ਭਾਵ 7 ਜਨਵਰੀ ਨੂੰ ਕਿਸਾਨ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਨ। ਜੇ 8 ਜਨਵਰੀ ਦੀ ਮੀਟਿੰਗ ਵਿੱਚ ਇਸ ਦਾ ਹੱਲ ਨਾ ਨਿਕਲਿਆ ਤਾਂ 9 ਜਨਵਰੀ ਨੂੰ ਖੇਤੀਬਾੜੀ ਕਾਨੂੰਨ ਦੀਆਂ ਕਾਪੀਆਂ ਸਾੜਨ ਦੀ ਤਿਆਰੀ ਹੈ। ਇਸ ਦੇ ਨਾਲ ਹੀ, 9 ਜਨਵਰੀ ਤੋਂ, ਹਰਿਆਣਾ ਦੀਆਂ ਕਿਸਾਨ ਜੱਥੇਬੰਦੀਆਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦੇਣਗੀਆਂ ਅਤੇ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੱਢਣ ਬਾਰੇ ਚੇਤਾਵਨੀ ਦਿੱਤੀ ਗਈ ਹੈ।
ਦਿੱਲੀ ਦੀਆ ਕਈਂ ਥਾਵਾਂ ਤੇ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਸਿੰਘੂ ਬਾਰਡਰ ‘ਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਉਹ ਅਜੇ ਵੀ ਘਰ ਪਰਤਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋ ਸਰਕਾਰ ਕਾਨੂੰਨ ਵਾਪਿਸ ਲਵੇਗੀ, ਅਸੀਂ ਓਦੋ ਹੀ ਘਰ ਜਾਵਾਂਗੇ। ਬੀਤੇ ਦਿਨ ਪ੍ਰੈਸ ਕਾਨਫਰੰਸ ਵਿੱਚ, ਕਿਸਾਨਾਂ ਨੇ ਐਲਾਨ ਕੀਤਾ ਕਿ ਦਿੱਲੀ ਦੇ ਵੱਖ-ਵੱਖ ਸਰਹੱਦਾਂ ‘ਤੇ ਮੌਜੂਦ ਕਿਸਾਨ 7 ਜਨਵਰੀ ਨੂੰ ਦਿੱਲੀ ਦੀ ਇੱਕ ਸਰਹੱਦ ਤੋਂ ਦੂਜੀ ਸਰਹੱਦ ਤੱਕ ਟਰੈਕਟਰ ਮਾਰਚ ਕਰਨਗੇ। ਇਹ ਮਾਰਚ ਦਰਅਸਲ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਦੀ ਝਾਂਕੀ ਦੀ ਰਿਹਰਸਲ ਹੋਵੇਗੀ। ਭਾਵ ਟ੍ਰੇਲਰ ਹੋਵੇਗਾ।