Heavy snowfall in mountains: ਪਹਾੜਾਂ ਵਿੱਚ ਬਰਫਬਾਰੀ ਅਤੇ ਉੱਤਰੀ ਭਾਰਤ ਵਿੱਚ ਬਾਰਿਸ਼ ਨਾਲ ਹੋ ਰਹੀ ਗੜੇਮਾਰੀ ਪਰੇਸ਼ਾਨੀ ਦਾ ਕਾਰਨ ਬਣ ਗਈ ਹੈ। ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਸਮੇਤ ਕਈ ਰਾਜਾਂ ਵਿੱਚ ਬਾਰਿਸ਼ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਰਾਜਾਂ ਵਿੱਚ ਰੁਕ-ਰੁਕ ਕੇ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ 8 ਜਨਵਰੀ ਤੱਕ ਦਿੱਲੀ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਹੈ । ਇਸ ਦੇ ਨਾਲ ਹੀ ਉੱਤਰ ਭਾਰਤ ਦੇ ਹੋਰ ਰਾਜਾਂ ਵਿੱਚ ਵੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਕਿਤੇ ਹਲਕੀ ਅਤੇ ਕਿਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ । ਰਾਸ਼ਟਰੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ ਵੀ ਹੈ। ਪੱਛਮੀ ਗੜਬੜੀ ਦੇ ਪ੍ਰਭਾਵ ਦੇ ਕਾਰਨ ਹੋਈ ਬਾਰਿਸ਼ ਨਾਲ ਸ਼ਹਿਰ ਵਿੱਚ ਠੰਡ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਦਿੱਲੀ ਅਤੇ ਗੁਰੂਗਰਾਮ ਵਿੱਚ ਵੀ ਬੁੱਧਵਾਰ ਸਵੇਰੇ ਬਾਰਿਸ਼ ਹੋਈ। ਇਸ ਦੇ ਨਾਲ ਹੀ ਅਜੇ ਵੀ ਬੱਦਲ ਛਾਏ ਰਹੇ ਅਤੇ ਸ਼ਾਮ ਤੱਕ ਕਈ ਇਲਾਕਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਭਾਰੀ ਬਰਫਬਾਰੀ ਕਾਰਨ ਸੈਂਕੜੇ ਸੈਲਾਨੀ ਫਸੇ ਹੋਏ ਹਨ । ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਣ ਦਾ ਕੰਮ ਜਾਰੀ ਹੈ। ਭਾਰੀ ਬਰਫਬਾਰੀ ਦੇ ਦੌਰਾਨ ਸੈਂਕੜੇ ਸੈਲਾਨੀ ਸੋਲੰਗਨਾਲਾ ਵਿੱਚ ਫਸੇ ਹੋਏ ਹਨ। ਇੱਥੇ ਦੁਪਹਿਰ 1 ਵਜੇ ਤੋਂ ਹੀ ਭਾਰੀ ਬਰਫਬਾਰੀ ਹੋ ਰਹੀ ਹੈ, ਬਰਫਬਾਰੀ ਕਾਰਨ ਸੈਲਾਨੀਆਂ ਦੀਆਂ ਗੱਡੀਆਂ ਹਰ ਪਾਸੇ ਫਸੀਆਂ ਹੋਈਆਂ ਹਨ ।
ਦੱਸ ਦੇਈਏ ਕਿ ਬਰਫਬਾਰੀ ਤੋਂ ਬਾਅਦ ਕਸ਼ਮੀਰ ਘਾਟੀ ਬਰਫ ਦੀ ਚਿੱਟੀ ਚਾਦਰ ਨਾਲ ਢੱਕ ਗਈ ਹੈ। ਇੱਥੇ ਲਗਾਤਾਰ ਕਈ ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ । ਸ੍ਰੀਨਗਰ ਅਤੇ ਗੁਲਮਰਗ ਸਮੇਤ ਕਈ ਸ਼ਹਿਰਾਂ ਵਿੱਚ ਸੜਕਾਂ ਅਤੇ ਘਰਾਂ ‘ਤੇ ਕਈ ਇੰਚ ਬਰਫ ਜੰਮੀ ਹੋਈ ਹੈ । ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਕਸ਼ਮੀਰ ਘਾਟੀ ਵਿੱਚ ਹੋ ਰਹੀ ਲਗਾਤਾਰ ਬਰਫਬਾਰੀ ਕਾਰਨ ਬੰਦ ਹੈ । ਇਸ ਤੋਂ ਇਲਾਵਾ ਸ੍ਰੀਨਗਰ ਹਵਾਈ ਅੱਡੇ ਦੀਆਂ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ । ਲੋਕਾਂ ਨੂੰ ਕਸ਼ਮੀਰ ਆਉਣ ਅਤੇ ਜਾਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 2 ਦਿਨਾਂ ਤੱਕ ਕਸ਼ਮੀਰ ਘਾਟੀ ਵਿੱਚ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ।