Farmers protest tractor march : ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਅੱਜ ਕੁੰਡਲੀ-ਮਨੇਸਰ-ਪਲਵਲ (ਕੇਐਮਪੀ) ਐਕਸਪ੍ਰੈਸ ਵੇਅ ਤੇ ਟਰੈਕਟਰ ਮਾਰਚ ਕੱਢ ਰਹੀਆਂ ਹਨ। 8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਨਾਲ ਗੱਲਬਾਤ ਦਾ 9 ਵਾਂ ਦੌਰ ਤੈਅ ਹੋਇਆ ਹੈ, ਪਰ ਇਸ ਤੋਂ ਪਹਿਲਾਂ ਅੱਜ ਕਿਸਾਨ ਵੱਡਾ ਪ੍ਰਦਰਸ਼ਨ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਅੱਜ ਕਿਸਾਨ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ। ਜੇ 8 ਜਨਵਰੀ ਦੀ ਮੀਟਿੰਗ ਵਿੱਚ ਇਸ ਦਾ ਹੱਲ ਨਹੀਂ ਨਿਕਲਦਾ ਤਾਂ 9 ਜਨਵਰੀ ਨੂੰ ਖੇਤੀਬਾੜੀ ਕਾਨੂੰਨ ਦੀ ਇੱਕ ਕਾਪੀ ਸਾੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, 9 ਜਨਵਰੀ ਤੋਂ, ਹਰਿਆਣਾ ਵਿੱਚ ਕਿਸਾਨ ਜੱਥੇਬੰਦੀਆਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕਰਨਗੀਆਂ, ਅਤੇ 26 ਜਨਵਰੀ ਨੂੰ ਦਿੱਲੀ ਵਿੱਚ ਇੱਕ ਟਰੈਕਟਰ ਪਰੇਡ ਦੀ ਚੇਤਾਵਨੀ ਦਿੱਤੀ ਗਈ ਹੈ।
ਕੇਐਮਪੀ ਐਕਸਪ੍ਰੈਸ ਵੇਅ ‘ਤੇ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ ਹੋ ਗਿਆ ਹੈ। ਦਿੱਲੀ ਵਿੱਚ ਵੱਖ-ਵੱਖ ਸਰਹੱਦਾਂ ‘ਤੇ ਡਟੇ ਕਿਸਾਨ ਆਪਣੇ ਟਰੈਕਟਰਾਂ ਨਾਲ ਐਕਸਪ੍ਰੈਸ ਵੇਅ ‘ਤੇ ਪਹੁੰਚ ਗਏ ਹਨ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਰੈਲੀ 26 ਜਨਵਰੀ ਦੀ ਟਰੈਕਟਰ ਪਰੇਡ ਦਾ ਟ੍ਰੇਲਰ ਹੈ। ਸਾਡਾ ਰਸਤਾ ਇੱਥੋਂ ਦਾਸਨਾ ਤੱਕ ਹੈ, ਉਸ ਤੋਂ ਬਾਅਦ ਅਸੀਂ ਅਲੀਗੜ੍ਹ ਰੋਡ ਤੇ ਰੁਕਾਂਗੇ, ਉੱਥੇ ਇੱਕ ਲੰਗਰ ਹੋਏਗਾ, ਫਿਰ ਉੱਥੋਂ ਅਸੀਂ ਵਾਪਿਸ ਆਵਾਂਗੇ ਅਤੇ ਨੋਇਡਾ ਵਾਲੇ ਟਰੈਕਟਰ ਪਲਵਲ ਤੱਕ ਜਾਣਗੇ। ਅਸੀਂ ਸਰਕਾਰ ਨੂੰ ਸਮਝਾਉਣ ਲਈ ਅਜਿਹਾ ਕਰ ਰਹੇ ਹਾਂ।