Pm modi inaugurates 306 km rewari : ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੱਛਮੀ ਸਮਰਪਿਤ ਮਾਲ ਕੋਰੀਡੋਰ (WDFC) ਦੇ 306 ਕਿਲੋਮੀਟਰ ਦੇ ਰੇਵਾੜੀ-ਮਦਰ ਖੰਡ ਨੂੰ ਦੇਸ਼ ਨੂੰ ਸਮਰਪਿਤ ਕੀਤਾ ਹੈ। 1.5 ਕਿਲੋਮੀਟਰ ਲੰਬੀ ਦੁਨੀਆ ਦੀ ਪਹਿਲੀ ਡਬਲ ਸਟੈਕ ਲੌਂਗ ਹਾਲ ਕੰਟੇਨਰ ਰੇਲ, ਜੋ ਕਿ ਬਿਜਲੀ ਦੇ ਟ੍ਰੈਕਸ਼ਨ ਦੁਆਰਾ ਚਲਾਈ ਜਾਂਦੀ ਹੈ, ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਲਈ ਚੱਲ ਰਹੇ ਮਹਾਂਯੱਗ ਨੇ ਅੱਜ ਇੱਕ ਨਵੀਂ ਰਫਤਾਰ ਹਾਸਿਲ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੱਛਲੇ ਦਿਨਾਂ ਵਿੱਚ ਇਸ ਤਰ੍ਹਾਂ ਦੇ ਕਈ ਕੰਮ ਕੀਤੇ ਗਏ ਹਨ, ਜੋ ਆਧੁਨਿਕ ਭਾਰਤ ਵਿੱਚ ਵਿਕਾਸ ਨੂੰ ਰਫਤਾਰ ਦੇ ਰਹੇ ਹਨ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ, ਸਵੈ-ਨਿਰਭਰ ਭਾਰਤ ਬਣਨ ਵੱਲ ਕਦਮ ਤੇਜ਼ੀ ਨਾਲ ਵੱਧ ਰਹੇ ਹਨ। ਅੱਜ ਹਰ ਭਾਰਤੀ ਦਾ ਬੁਲਾਵਾ ਹੈ, ਨਾ ਅਸੀਂ ਰੁਕਾਂਗੇ ਅਤੇ ਨਾ ਹੀ ਥੱਕਾਂਗੇ। ਇਹ ਨਵਾਂ ਲਾਂਘਾ ਭਾਰਤ ਲਈ ਗੇਮ ਚੇਂਜਰ ਵਜੋਂ ਵੇਖਿਆ ਜਾ ਰਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਹੁਣ ਦੇਸ਼ ਵਿੱਚ ਮਾਲ ਟਰੇਨਾਂ ਦੀ ਗਤੀ ਵਧਾਈ ਜਾ ਰਹੀ ਹੈ, ਜੋ ਰਫਤਾਰ ਪਹਿਲਾਂ 25 KMPH ਸੀ ਹੁਣ ਵਧਾ ਕੇ 90 KMPH ਤੱਕ ਪਹੁੰਚਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲਾਂਘਾ ਨਾ ਸਿਰਫ ਆਧੁਨਿਕ ਮਾਲ ਟਰੇਨਾਂ ਦਾ ਰਸਤਾ ਹੈ, ਬਲਕਿ ਦੇਸ਼ ਦੇ ਤੇਜ਼ੀ ਨਾਲ ਵਿਕਾਸ ਦਾ ਲਾਂਘਾ ਵੀ ਹੈ। ਇਸ ਲਾਂਘੇ ਨਾਲ ਹਰਿਆਣਾ, ਰਾਜਸਥਾਨ ਦੇ ਦਰਜਨਾਂ ਜ਼ਿਲ੍ਹਿਆਂ ਦੇ ਸਥਾਨਕ ਉਦਯੋਗਾਂ ਨੂੰ ਫਾਇਦਾ ਮਿਲੇਗਾ।