Kapurthala jail warden arrested : ਕਪੂਰਥਲਾ ਜੇਲ੍ਹ ਵਿੱਚ ਵਾਰਡਨ ਵੱਲੋਂ ਹੀ ਕੈਦੀਆਂ ਨੂੰ ਸਿਮ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚੱਲਦਿਆਂ ਪੁਲਿਸ ਨੇ ਜੇਲ੍ਹ ਵਾਰਡਨ ਸਣੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਮਾਡਰਨ ਜੇਲ੍ਹ ਵਿੱਚ ਕੈਦੀਆਂ ਨੂੰ 16 ਮੋਬਾਈਲ ਸਿਮ ਪਹੁੰਚਾਉਣ ਜਾ ਰਹੇ ਸਨ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਕਾਰ ਸਮੇਤ ਇੱਕ ਐਕਟਿਵ ਸਿਮ ਵੀ ਬਰਾਮਦ ਕੀਤੀ ਹੈ। ਦੋਸ਼ੀ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਕਪੂਰਥਲਾ ਕੰਵਰਦੀਪ ਕੌਰ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮਾਡਰਨ ਜੇਲ ਵਿੱਚ ਚੱਲ ਰਹੇ ਗੈਰਕਾਨੂੰਨੀ ਮੋਬਾਈਲ ਨੈਟਵਰਕ ਬਾਰੇ ਸ਼ਿਕਾਇਤਾਂ ਮਿਲ ਰਹੀਆਂ ਸਨ।
ਇਸ ਦੀ ਜਾਂਚ ਲਈ ਇਕ ਟੀਮ ਬਣਾਈ ਗਈ ਸੀ। ਟੀਮ ਨੇ 6 ਜਨਵਰੀ ਨੂੰ ਰਾਤ 11 ਵਜੇ ਆਈਟੀਸੀ ਫੈਕਟਰੀ ਦੇ ਬਾਹਰ ਨਾਕਾਬੰਦੀ ਕਰ ਦਿੱਤੀ। ਇਸ ਸਮੇਂ ਦੌਰਾਨ ਕਾਰ ਸਵਾਰ ਵਿਜੇ ਨਿਵਾਸੀ ਜਲੰਧਰ, ਸ਼ਿਵਮ ਨਿਵਾਸੀ ਕਪੂਰਥਲਾ ਅਤੇ ਗੁਰਦਾਸਪੁਰ ਨਿਵਾਸੀ ਕਪੂਰਥਲਾ ਜੇਲ ਦੇ ਵਾਰਡਨ ਲਵਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਅਤੇ 16 ਐਕਟਿਵ ਸਿਮ ਸਮੇਤ ਇਕ ਮੋਬਾਈਲ ਬੈਟਰੀ ਬਰਾਮਦ ਕੀਤੀ।
ਇਹ ਸਿਮ ਕੈਦੀ-ਹਲਵਾਲਤੀ ਵਿਕਾਸ ਜੌਲੀ, ਸੰਜੀਵ ਕੁਮਾਰ ਅਤੇ ਪੰਜਾਬ ਸਿੰਘ ਦੇ ਹਵਾਲੇ ਕੀਤਾ ਜਾਣਾ ਸੀ। ਇਹ ਤਿੰਨੋਂ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਤਿੰਨ ਹਜ਼ਾਰ ਰੁਪਏ ਵਿਚ ਸਿਮ ਵੇਚਦੇ ਸਨ। ਪੁਲਿਸ ਨੇ ਜੇਲ ਵਾਰਡਨ ਲਵਪ੍ਰੀਤ ਦੀ ਵਰਤੀ ਗਈ ਇੱਕ ਕਾਰ ਵੀ ਬਰਾਮਦ ਕਰ ਲਈ ਹੈ। ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਸ਼ਿਵਮ ਅਤੇ ਵਿਜੇ ਪੇਸ਼ੇਵਰ ਅਪਰਾਧੀ ਹਨ। ਵਿਜੇ ’ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਲੁੱਟ, ਚੋਰੀ, ਕਤਲ ਦੇ ਪੰਜ ਮਾਮਲੇ ਦਰਜ ਹਨ। ਉਹ ਕਪੂਰਥਲਾ ਜੇਲ੍ਹ ਵਿਚ 25 ਮਹੀਨੇ ਦੀ ਸਜ਼ਾ ਵੀ ਕੱਟ ਚੁੱਕਾ ਹੈ। ਇਸ ਦੇ ਨਾਲ ਹੀ ਸ਼ਿਵਮ ‘ਤੇ ਥਾਣਾ ਕਪੂਰਥਲਾ ਵਿਖੇ ਕੇਸ ਦਰਜ ਹੈ।