Khap warns governmnet: ਕਿਸਾਨਾਂ ਦੇ ਅੰਦੋਲਨ ਦਾ ਅੱਜ 45 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਬੀਤੇ ਦਿਨ ਕਿਸਾਨਾਂ ਤੇ ਸਰਕਾਰ ਵਿਚਾਲੇ 8ਵੇਂ ਦੌਰ ਦੀ ਗੱਲਬਾਤ ਹੋਈ, ਜਿਸ ਤੋਂ ਬਾਅਦ ਕਿਸਾਨ ਨਾਰਾਜ਼ ਹੋ ਗਏ ਹਨ । ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਕਾਨੂੰਨ ਖਤਮ ਕੀਤੇ ਬਿਨ੍ਹਾਂ ਵਾਪਸ ਨਹੀਂ ਜਾਣਗੇ ਅਤੇ ਅੰਦੋਲਨ ਨੂੰ ਹੋਰ ਤੇਜ਼ ਕਰਨਗੇ । ਇਸ ਦੌਰਾਨ ਯੂਪੀ ਗੇਟ ‘ਤੇ ਦੇਸ਼ ਖਾਪ ਦੇ ਚੌਧਰੀ ਸੁਰੇਂਦਰ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਵਾਪਸ ਲੈ ਕੇ ਮੰਗਾਂ ਨਹੀਂ ਮੰਨਦੀ ਤਾਂ 26 ਜਨਵਰੀ ਨੂੰ ਕਿਸਾਨ ਇੱਕ ਲੱਖ ਟਰੈਕਟਰਾਂ ਨਾਲ ਦਿੱਲੀ ਵਿੱਚ ਪਰੇਡ ਕਰਨਗੇ । 26 ਦੀ ਪਰੇਡ ਵਿੱਚ ਜਵਾਨਾਂ ਤੇ ਕਿਸਾਨਾਂ ਨੂੰ ਪੂਰਾ ਦੇਸ਼ ਇਕੱਠੇ ਵੇਖੇਗਾ।
ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ 26 ਜਨਵਰੀ ਨੂੰ ਦਿੱਲੀ ਵਿੱਚ ਪਰੇਡ ਦੌਰਾਨ ਇੱਕ ਲੱਖ ਟਰੈਕਟਰ-ਟਰਾਲੀਆਂ ਵੱਡੀ ਗਿਣਤੀ ਵਿੱਚ ਕਿਸਾਨ ਜਵਾਨਾਂ ਨਾਲ ਸ਼ਾਮਿਲ ਹੋਣਗੀਆਂ। ਪੂਰਾ ਦੇਸ਼ ਇਸ ਵਾਰ ਫੌਜੀਆਂ ਅਤੇ ਕਿਸਾਨਾਂ ਦੀ ਪਰੇਡ ਵੇਖੇਗਾ। ਭਾਕਿਯੂ ਯੁਵਾ ਦੇ ਕੌਮੀ ਪ੍ਰਧਾਨ ਗੌਰਵ ਟਿਕੈਤ ਨੇ ਕਿਹਾ ਕਿ ਟਰੈਕਟਰ ਮਾਰਚ ਵਰਗਾ ਟ੍ਰੇਲਰ ਪੂਰੀ ਦੁਨੀਆਂ ਵਿੱਚ ਕਦੇ ਕਿਸੇ ਨੇ ਨਹੀਂ ਵੇਖਿਆ ਹੋਵੇਗਾ ।
ਉਨ੍ਹਾਂ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਦੇ ਇਸ ਅੰਦੋਲਨ ਨੂੰ ਹਲਕੇ ਵਿੱਚ ਨਾ ਲਿਆ ਜਾਵੇ । ਭਾਕਿਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਇੱਕ-ਇੱਕ ਕਿਲੋ ਸੋਨਾ ਵੀ ਦੇਵੇਗੀ ਤਾਂ ਵੀ ਕਿਸਾਨ ਇਸ ਨੂੰ ਸਵੀਕਾਰ ਨਹੀਂ ਕਰੇਗਾ। ਦੇਸ਼ ਦਾ ਕਿਸਾਨ ਸਿਰਫ਼ ਤਿੰਨਾਂ ਕਾਨੂੰਨਾਂ ਦੇ ਵਾਪਸ ਹੋਣ ‘ਤੇ ਹੀ ਮੰਨੇਗਾ। ਉਨ੍ਹਾਂ ਕਿਹਾ ਕਿ ਇਹ ਲਹਿਰ ਇੱਕ ਵਿਚਾਰਧਾਰਕ ਕ੍ਰਾਂਤੀ ਹੈ। ਇਸ ਵਿੱਚ ਜਿਉਂ-ਜਿਉਂ ਦਿਨ ਲੰਘ ਰਹੇ ਹਨ, ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ।