Massive blackout in Pakistan: ਪਾਕਿਸਤਾਨ ਵਿੱਚ ਸ਼ਨੀਵਾਰ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੱਕੋ ਸਮੇਂ ਦੇਸ਼ ਦੇ ਵੱਡੇ ਹਿੱਸੇ ਦੀ ਬਿਜਲੀ ਗੁੱਲ ਹੋ ਗਈ। ਪਾਕਿਸਤਾਨ ਵਿੱਚ ਇਕੋ ਸਮੇਂ ਕਈ ਸ਼ਹਿਰਾਂ ਵਿੱਚ ਬਿਜਲੀ ਗੁੱਲ ਹੋਣ ਦੀ ਖ਼ਬਰ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਅਤੇ ਟਵਿੱਟਰ ‘ਤੇ #blackout ਟ੍ਰੇਂਡ ਕਰਨ ਲੱਗ ਗਿਆ। ਜਿਸਦੇ ਚੱਲਦਿਆਂ ਕਰਾਚੀ, ਇਸਲਾਮਾਬਾਦ, ਲਾਹੌਰ, ਪੇਸ਼ਾਵਰ ਤੇ ਰਾਵਲਪਿੰਡੀ ਸਣੇ ਸਾਰੇ ਅਹਿਮ ਸ਼ਹਿਰ ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬ ਗਏ।
ਇਸ ਸਬੰਧੀ ਪਾਕਿਸਤਾਨੀ ਮੀਡੀਆ ਨੇ ਦੱਸਿਆ ਕਿ ਬਹੁਤ ਸਾਰੇ ਸ਼ਹਿਰ ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬ ਗਏ । ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਹਮਜ਼ਾ ਸ਼ਫਕਤ ਨੇ ਕਿਹਾ ਕਿ ਨੈਸ਼ਨਲ ਟ੍ਰਾਂਸਮਿਸ਼ਨ ਐਂਡ ਡਿਸਪੈਚ ਕੰਪਨੀ ਸਿਸਟਮ ਦੀ ਟ੍ਰਿਪਿੰਗ ਕਾਰਨ ਬਲੈਕਆਊਟ ਹੋਇਆ । ਉੱਥੇ ਹੀ ਊਰਜਾ ਮੰਤਰੀ ਉਮਰ ਅਯੂਬ ਨੇ ਲੋਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਬਿਜਲੀ ਮੰਤਰਾਲੇ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੱਤੀ ਕਿ ਬਿਜਲੀ ਟਰਾਂਸਮਿਸ਼ਨ ਸਿਸਟਮ ਦੀ 50 ਤੋਂ 0 ਤੱਕ ਦੀ ਬਾਰੰਬਾਰਤਾ ਵਿੱਚ ਅਚਾਨਕ ਗਿਰਾਵਟ ਆਉਣ ਨਾਲ ਸਾਰੇ ਦੇਸ਼ ਵਿੱਚ ਬਲੈਕਆਊਟ ਹੋ ਗਿਆ।
ਪਾਕਿਸਤਾਨ ਦੇ ਊਰਜਾ ਮੰਤਰਾਲੇ ਨੇ ਇੱਕ ਤਸਵੀਰ ਟਵੀਟ ਕਰਦਿਆਂ ਦੱਸਿਆ ਕਿ ਊਰਜਾ ਮੰਤਰੀ ਉਮਰ ਅਯੂਬ ਖ਼ੁਦ ਬਿਜਲੀ ਬਹਾਲੀ ਦੇ ਕੰਮ ਦੀ ਨਿਗਰਾਨੀ ਕਰ ਰਹੇ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਹਾਇਕ ਸ਼ਾਹਬਾਜ਼ ਗਿੱਲ ਨੇ ਦੱਸਿਆ ਕਿ ਊਰਜਾ ਮੰਤਰੀ ਉਮਰ ਅਯੂਬ ਅਤੇ ਉਨ੍ਹਾਂ ਦੀ ਪੂਰੀ ਟੀਮ ਇਸ ਬ੍ਰੇਕਡਾਊਨ ‘ਤੇ ਕੰਮ ਕਰ ਰਹੀ ਹੈ । ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਜਲਦੀ ਹੀ ਸਥਿਤੀ ਨਾਲ ਅਪਡੇਟ ਕੀਤਾ ਜਾਵੇਗਾ। ਇਸ ਦੌਰਾਨ ਸੂਚਨਾ ਮੰਤਰੀ ਸ਼ਿਬਲੀ ਫਰਾਜ਼ ਨੇ ਇਸਨੂੰ NTDC ਦੇ ਸਿਸਟਮ ਵਿੱਚ ਤਕਨੀਕੀ ਗੜਬੜੀ ਦੱਸਦਿਆਂ ਲਿਖਿਆ ਕਿ ਬਿਜਲੀ ਦੀ ਬਹਾਲੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਵਰੀ 2015 ਵਿੱਚ ਵੀ ਇੱਕ ਵਾਰ ਪੂਰਾ ਪਾਕਿਸਤਾਨ ਤਕਨੀਕੀ ਖਾਮੀਆਂ ਕਾਰਨ ਕਈ ਘੰਟਿਆਂ ਤੱਕ ਬਿਨ੍ਹਾਂ ਬਿਜਲੀ ਦੇ ਰਿਹਾ ਸੀ। ਕਰਾਚੀ, ਲਾਹੌਰ, ਇਸਲਾਮਾਬਾਦ, ਮੁਲਤਾਨ, ਕਸੂਰ ਅਤੇ ਹੋਰ ਸ਼ਹਿਰਾਂ ਦੇ ਵਸਨੀਕਾਂ ਨੇ ਬਲੈਕਆਊਟ ਬਾਰੇ ਸੋਸ਼ਲ ਮੀਡੀਆ ‘ਤੇ ਲਿਖਿਆ । ਭਾਰਤ ਵਿੱਚ ਵੀ #blackout ਪਹਿਲੇ ਨੰਬਰ ‘ਤੇ ਚੱਲ ਰਿਹਾ ਹੈ।