Gang supplying arms : ਚੰਡੀਗੜ੍ਹ : ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮੱਧ ਪ੍ਰਦੇਸ਼ ਅਧਾਰਤ ਹਥਿਆਰਾਂ ਦੇ ਤਸਕਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜੋ ਪੰਜਾਬ ਦੇ ਗੈਂਗਸਟਰਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਸਪਲਾਈ ਕਰ ਰਹੇ ਸਨ। ਪੁਲਿਸ ਵੱਲੋਂ ਇਸ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 32 ਬੋਰ ਦੀਆਂ 12 ਪਿਸਤੌਲਾਂ ਤੇ 15 ਮੈਗਜ਼ੀਨਾਂ ਸਮੇਤ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ।
ਇਨ੍ਹਾਂ ਵਿਅਕਤੀਆਂ ਮਹੇਸ਼ ਸਿਲੋਤੀਆ ਅਤੇ ਜੱਗੂ ਨੂੰ ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਦੇ ਜੱਦੀ ਪਿੰਡਾਂ ਤੋਂ ਕਾਬੂ ਕੀਤਾ ਗਿਆ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਗਿਰੋਹ ਦੇ ਪੰਜਾਬ ਅਧਾਰਤ ਕੁਝ ਅੱਤਵਾਦੀਆਂ ਨਾਲ ਵੀ ਸਬੰਧ ਹਨ ਅਤੇ ਪਿਛਲੇ 3 ਮਹੀਨਿਆਂ ਦੌਰਾਨ ਇਸ ਗਿਰੋਹ ਵੱਲੋਂ ਸੂਬੇ ਵਿਚ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਦੋ ਦਰਜਨ ਤੋਂ ਵੱਧ 32 ਬੋਰ ਦੀਆਂ ਪਿਸਤੌਲਾਂ ਸਪਲਾਈ ਕੀਤੀਆਂ ਗਈਆਂ ਹਨ, ਇਸ ਦਾ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦਿੱਤੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗਿਰੋਹ ਵੱਲੋਂ ਪੰਜਾਬ ਅੰਦਰ ਗੈਂਗਸਟਰਾਂ ਲਈ ਕਈ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਸ਼ਾਮਲ ਰਿਹਾ ਹੈ। ਇਹ ਗਿਰੋਹ ਸਤੰਬਰ 2020 ਵਿਚ ਪਟਿਆਲਾ ਪੁਲਿਸ ਵੱਲੋਂ ਜ਼ਬਤ ਕੀਤੇ ਗਏ 32 ਬੋਰ ਦੇ ਛੇ ਪਿਸਤੌਲਾਂ ਦੀ ਖੇਪ ਵਿੱਚ ਵੀ ਸ਼ਾਮਲ ਸੀ। ਪੁਲਿਸ ਥਾਣਾ ਚਾਟੀਵਿੰਡ, ਅੰਮਿ੍ਰਤਸਰ (ਦਿਹਾਤੀ) ਵਿਖੇ ਦਰਜ ਗੈਰ-ਕਾਨੂੰਨੀ ਹਥਿਆਰਾਂ ਦੀ ਖੇਪ ਫੜ੍ਹਨ ਦੇ ਮਾਮਲੇ ਵਿੱਚ ਵੀ ਇਸ ਗਿਰੋਹ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੇ ਪੂਰੇ ਨੈੱਟਵਰਕ ਅਤੇ ਪੰਜਾਬ ਵਿੱਚ ਤਸਕਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਨਾਲ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ।