Punjab farmer dies of heart attack : ਪੰਜਾਬ ਦੇ ਜਲਾਲਾਬਾਦ ਵਿੱਚ ਦਿੱਲੀ ਧਰਨੇ ਤੋਂ ਵਾਪਸ ਪਰਤੇ ਕਿਸਾਨ 67 ਸਾਲਾ ਲਾਲ ਚੰਦ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਲਾਲ ਚੰਦ 27 ਦਸੰਬਰ ਨੂੰ ਦਿੱਲੀ ਧਰਨੇ ‘ਚ ਗਏ ਸਨ। 7 ਜਨਵਰੀ ਨੂੰ ਉਹ ਮੌਲਵੀ ਵਾਲਾ ਆਪਣੇ ਪਿੰਡ ਵਾਪਸ ਪਰਤੇ ਸਨ। ਸ਼ਨੀਵਾਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਧਰਨੇ ‘ਚ ਹਿੱਸਾ ਲੈਣ ਵਾਲੇ ਜਲਾਲਾਬਾਦ ਦੇ ਚਾਰ ਕਿਸਾਨਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਇਨ੍ਹਾਂ ਵਿੱਚੋਂ ਦੋ ਭਰਾ ਮਹਿਮਜੋਈਆਂ ਪਿੰਡ ਨਾਲ ਸਬੰਧਤ ਹਨ। ਲਾਲ ਚੰਦ ਦੇ ਬੇਟੇ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਸਨ। 27 ਦਸੰਬਰ ਨੂੰ ਦਿੱਲੀ ਟਿਕਰੀ ਬਾਰਡਰ ‘ਤੇ ਪਹੁੰਚੇ। 7 ਜਨਵਰੀ ਨੂੰ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਉਹ ਵਾਪਸ ਪਿੰਡ ਪਰਤ ਆਏ ਸਨ। ਉਸਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਏਕੜ ਜ਼ਮੀਨ ਹੈ। ਇਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ। ਠੰਡ ਦੇ ਮੌਸਮ ਦੌਰਾਨ ਬਹੁਤ ਸਾਰੇ ਕਿਸਾਨ ਬੀਮਾਰ ਹੋ ਰਹੇ ਹਨ। ਸਹੀ ਸਮੇਂ ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤ ਹੋ ਜਾਂਦੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਹੇਠ ਕਿਸਾਨ ਲਾਲ ਚੰਦ ਦੀ ਮ੍ਰਿਤਕ ਜੇ ਦਾ ਅੰਤਿਮ ਸਸਕਾਰ ਕੀਤਾ ਗਿਆ। ਦੱਸਣਯੋਗ ਹੈ ਕਿ ਬੀਤੀ ਰਾਤ ਸਿੰਘੂ ਬਾਰਡਰ ‘ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਇੱਕ ਹੋਰ ਕਿਸਾਨ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਮਛਰਾਲ ਕਲਾਂ ਦਾ ਰਹਿਣ ਵਾਲੇ 39 ਸਾਲਾ ਅਮਰਿੰਦਰ ਸਿੰਘ ਨੇ ਆਪਣੀ ਜਾਨ ਦੇ ਦਿੱਤੀ ਹੈ।