Police clash with farmers : ਕਰਨਾਲ : ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਕੈਮਲਾ ਵਿਖੇ ਭਾਜਪਾ ਵੱਲੋਂ ਕਿਸਾਨ ਮਹਾਂਪੰਚਾਇਤ ਰੈਲੀ ਬੁਲਾਈ ਗਈ ਹੈ। ਇਸ ਰੈਲੀ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਿਸਾਨਾਂ ਨੂੰ ਸੰਬੋਧਨ ਕਰਨ ਜਾ ਰਹੇ ਹਨ। ਪਰ ਹਜ਼ਾਰਾਂ ਕਿਸਾਨ ਉਥੇ ਵਿਰੋਧ ਕਰਨ ਲਈ ਇਕੱਠੇ ਹੋਏ ਹਨ। ਪੁਲਿਸ ਨੇ ਉਨ੍ਹਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਨਹੀਂ ਮੰਨੇ। ਪੁਲਿਸ ਨੇ ਜੋਸ਼ ਵਿੱਚ ਆਏ ਕਿਸਾਨਾਂ ’ਤੇ ਠੰਡੇ ਪਾਣੀ ਦੀਆਂ ਬੌਛਾਰਾਂ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਹਨ। ਇਸ ਦੇ ਨਾਲ ਉਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸੈਂਕੜੇ ਕਿਸਾਨ ਆਲੇ-ਦੁਆਲੇ ਦੇ ਖੇਤਰ ਤੋਂ ਇਕੱਠੇ ਹੋਏ ਹਨ। ਪੁਲਿਸ ਨਾਲ ਝੜਪ ਤੋਂ ਬਾਅਦ ਇਹ ਸਾਰੇ ਕਿਸਾਨ ਹੁਣ ਪਿੰਡਾਂ ਅਤੇ ਖੇਤਾਂ ਵੱਲ ਵਧ ਗਏ ਹਨ। ਉਥੇ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਇਸ ਦੌਰਾਨ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਸੀਐੱਮ ਖੱਟਰ ਨੂੰ ਨਿਸ਼ਾਨਾ ਬਣਾਇਆ ਹੈ। ਉਸਨੇ ਟਵੀਟ ਕਰਕੇ ਕਿਹਾ ਹੈ, “ਸ੍ਰੀ ਮਨੋਹਰ ਲਾਲ ਜੀ, ਕਰਨਾਲ ਦੇ ਪਿੰਡ ਕੈਮਲਾ ਵਿੱਚ ਕਿਸਾਨ ਮਹਾਂਪੰਚਿਤ ਹੋਣ ਦਾ ਦਿਖਾਵਾ ਕਰਨਾ ਬੰਦ ਕਰੋ। ਅੰਨਦਾਤਿਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀ ਸਾਜ਼ਿਸ਼ ਨੂੰ ਬੰਦ ਕਰੋ। ਜੇਕਰ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਪਿਛਲੇ 46 ਦਿਨਾਂ ਤੋਂ ਸਰਹੱਦਾਂ ’ਤੇ ਧਰਨਾ ਦੇ ਰਹੇ ਅੰਨਦਾਤਿਆਂ ਨਾਲ ਕਰੋ।”
ਦੱਸਣਯੋਗ ਹੈ ਕਿ ਬੀਜੇਪੀ ਸ਼ਾਸਿਤ ਹਰਿਆਣਾ ਪਿਛਲੇ ਸਾਲ ਨਵੰਬਰ ਤੋਂ ਸੁਰਖੀਆਂ ਵਿੱਚ ਰਿਹਾ ਹੈ, ਜਦੋਂ ਉਸਨੇ ਪੰਜਾਬ ਤੋਂ ਦਿੱਲੀ ਆਉਣ ਵਾਲੇ ਕਿਸਾਨਾਂ ਨੂੰ ਰੋਕਣ ਦਾ ਫ਼ੈਸਲਾ ਕੀਤਾ ਸੀ ਅਤੇ ਉਨ੍ਹਾਂ ਉੱਤੇ ਤਾਕਤ ਵਰਤੀ ਸੀ। ਅਜੇ ਵੀ ਕੁਝ ਦਿਨਾਂ ਤੋਂ ਕਿਸਾਨਾਂ ਨਾਲ ਹੋਈਆਂ ਝੜਪਾਂ, ਬੈਰੀਕੇਡਾਂ ਤੋੜਨ, ਅੱਥਰੂ ਗੈਸ ਅਤੇ ਪਾਣੀ ਦੀਆਂ ਬੌਛਾਰਾਂ ਕਰਨ ਦੀਆਂ ਰਿਪੋਰਟਾਂ ਅਤੇ ਵੀਡੀਓ ਫੁਟੇਜ ਸਾਹਮਣੇ ਆਈਆਂ ਸਨ।