Ind vs aus sydney test : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਜਾ ਰਿਹਾ ਸਿਡਨੀ ਟੈਸਟ ਪੰਜਵੇਂ ਅਤੇ ਆਖਰੀ ਦਿਨ ਡਰਾਅ ਰਿਹਾ ਹੈ। ਟੀਮ ਇੰਡੀਆ ਨੇ ਸਿਡਨੀ ਟੈਸਟ ਦੀ ਚੌਥੀ ਪਾਰੀ ਵਿੱਚ ਆਸਟ੍ਰੇਲੀਆ ਖ਼ਿਲਾਫ਼ 131 ਓਵਰ ਖੇਡੇ ਜੋ 80 ਸਾਲਾਂ ਬਾਅਦ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਲੰਬੀ ਚੌਥੀ ਪਾਰੀ ਹੈ। ਇਸ ਤਰ੍ਹਾਂ, 41 ਸਾਲਾਂ ਬਾਅਦ, ਇਹ ਮਹਾਨ ਕਾਰਨਾਮਾ ਟੈਸਟ ਕ੍ਰਿਕਟ ਵਿੱਚ ਹੋਇਆ ਹੈ। ਆਸਟ੍ਰੇਲੀਆ ਦੇ 407 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰੋਹਿਤ ਸ਼ਰਮਾ (52) ਨੇ ਟੀਮ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ ਉਸ ਤੋਂ ਬਾਅਦ ਰਿਸ਼ਭ ਪੰਤ ਅਤੇ ਚੇਤੇਸ਼ਵਰ ਪੁਜਾਰਾ ਨੇ ਭਾਰਤ ਦੀ ਜਿੱਤ ਦੀ ਉਮੀਦ ਜਗਾ ਦਿੱਤੀ। ਪੁਜਾਰਾ ਅਤੇ ਰਿਸ਼ਭ ਪੰਤ ਨੇ 148 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਰਿਸ਼ਭ ਪੰਤ ਆਪਣੇ ਤੀਜੇ ਟੈਸਟ ਸੈਂਕੜੇ ਤੋਂ ਸਿਰਫ ਤਿੰਨ ਦੌੜਾਂ ਨਾਲ ਖੁੰਝ ਗਿਆ, ਜਦਕਿ ਪੁਜਾਰਾ ਨੂੰ ਹੇਜ਼ਲਵੁੱਡ ਨੇ 77 ਦੌੜਾਂ ‘ਤੇ ਆਊਟ ਕੀਤਾ। ਇਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਅਤੇ ਹਨੂਮਾ ਵਿਹਾਰੀ ਨੇ ਮੈਚ ਡਰਾਅ ਕਰਵਾ ਦਿੱਤਾ। ਭਾਰਤ ਨੇ ਦੂਜੀ ਪਾਰੀ ਵਿੱਚ 5 ਵਿਕਟਾਂ ‘ਤੇ 334 ਦੌੜਾਂ ਬਣਾ ਕੇ ਮੈਚ ਡਰਾਅ ਕੀਤਾ।
ਭਾਰਤ ਲਈ ਉਸ ਦੇ ਜ਼ਖਮੀ ਖਿਡਾਰੀਆਂ ਨੇ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੈਮਸਟ੍ਰਿੰਗ ਦੀ ਸੱਟ ਨਾਲ ਜੂਝਦਿਆਂ ਹਨੁਮਾ ਵਿਹਾਰੀ ਨੇ 161 ਗੇਂਦਾਂ ਵਿੱਚ 23 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੇ ਨਾਲ ਹੀ ਪਹਿਲੀ ਪਾਰੀ ਵਿੱਚ ਪੈਟ ਕਮਿੰਸ ਦੀ ਗੇਂਦ ‘ਤੇ ਜ਼ਖਮੀ ਹੋਏ ਰਿਸ਼ਭ ਪੰਤ ਨੇ 118 ਗੇਂਦਾਂ ਵਿੱਚ 97 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਆਸਟ੍ਰੇਲੀਆ ਦੀ ਜਿੱਤ ਦੀ ਭਾਵਨਾ ‘ਤੇ ਪਾਣੀ ਫੇਰ ਦਿੱਤਾ। ਟੀਮ ਇੰਡੀਆ ਸਿਡਨੀ ਟੈਸਟ ਮੈਚ ਵਿੱਚ ਆਸਟ੍ਰੇਲੀਆ ਖਿਲਾਫ ਇਤਿਹਾਸਕ ਜਿੱਤ ਤੋਂ ਖੁੰਝ ਗਈ ਹੈ। ਜੇ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ, ਤਾਂ ਇਹ ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਚੌਥੀ ਪਾਰੀ ਵਿੱਚ ਸਭ ਤੋਂ ਵੱਡੇ 407 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲੈਂਦੀ। ਇਸ ਤੋਂ ਪਹਿਲਾਂ 12 ਅਪ੍ਰੈਲ 1976 ਨੂੰ ਭਾਰਤ ਨੇ ਚੌਥੀ ਪਾਰੀ ਦੇ ਸਭ ਤੋਂ ਵੱਡੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ਦਾ ਰਿਕਾਰਡ ਬਣਾਇਆ ਸੀ, ਜੋ 27 ਸਾਲਾਂ ਤੱਕ ਬਰਕਰਾਰ ਰਿਹਾ। ਭਾਰਤ ਨੇ ਪੋਰਟ ਆਫ ਸਪੇਨ ਟੈਸਟ ਵਿੱਚ 403 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 406/4 ਦੇ ਸਕੋਰ ਨਾਲ ਇਤਿਹਾਸ ਰੱਚ ਦਿੱਤਾ ਸੀ।
ਇਹ ਵੀ ਦੇਖੋ : ਡਾ ਦਰਸ਼ਨ ਪਾਲ ਨੇ ਹਰਜੀਤ ਗਰੇਵਾਲ਼ ਤੇ ਸੁਰਜੀਤ ਜਿਆਣੀ ਦਾ ਪੰਜਾਬ ‘ਚ ਬਾਇਕਾਟ ਕਰਨ ਦਾ ਦਿੱਤਾ ਹੋਕਾ