Petrol-diesel to be more expensive : ਚੰਡੀਗੜ੍ਹ : ਪੰਜਾਬ ਵਿੱਚ ਛੇਤੀ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੋਰ ਰਫਤਾਰ ਦੇਣ ਦੇ ਉਦੇਸ਼ ਨਾਲ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਪੈਟਰੋਲ ਤੇ ਡੀਜ਼ਲ ’ਤੇ ਪ੍ਰਤੀ ਲਿਟਰ 25 ਪੈਸੇ ਵਿਸ਼ੇਸ਼ ਢਾਂਚਾਗਤ ਵਿਕਾਸ (ਆਈਡੀ) ਟੈਕਸ ਲਾਗੂ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਾਰਾ ਫੰਡ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ (ਪੀਆਈਡੀਬੀ) ਦੇ ਵਿਕਾਸ ਫੰਡ ਵਿੱਚ ਜਮ੍ਹਾਂ ਹੋਵੇਗਾ।
ਇਸੇ ਤਰ੍ਹਾਂ ਮੰਤਰੀ ਮੰਡਲ ਨੇ ਪੰਜਾਬ ਇੰਫ੍ਰਾਸਟਰਕਚਰ (ਡਿਵੇਲਪਮੈਂਟ ਐਂਡ ਰੈਗੂਲੇਸ਼ਨ) ਐਕਟ, 2002 ਵਿੱਚ ਕੁਝ ਸੋਧਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਸ ਸਬੰਧੀ ਪਹਿਲਾਂ ਆਰਡੀਨੈਂਸ ਦਾ ਐਲਾਨ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਨੂੰ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਬੁਨਿਆਦੀ ਇਨਫ੍ਰਾਸਟਰਕਚਰ (ਡਿਵੇਲਪਮੈਂਟ ਐਂਡ ਰੈਗੂਲੇਸ਼ਨ) ਸੋਧ ਬਿੱਲ, 2021 ਵਜੋਂ ਪੇਸ਼ ਕੀਤਾ ਜਾਵੇਗਾ। ਵਿਸ਼ੇਸ਼ ਪ੍ਰਬੰਧਕੀ ਖਰਚਿਆਂ ਨੂੰ ਲਾਗੂ ਕਰਨ ਲਈ ਮੌਜੂਦਾ ਪ੍ਰਬੰਧ ਵਿਚ ਸੋਧ ਕੀਤੀ ਜਾਏਗੀ। ਮੋਹਾਲੀ ਵਿੱਚ ਇਸ ਸਮੇਂ ਪੈਟਰੋਲ ਦੀ ਕੀਮਤ 86.15 ਰੁਪਏ ਤੇ ਡੀਜਲ ਦੀ 76.83 ਰੁਪਏ ਹੈ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪੁਨਰਗਠਨ ਨੂੰ ਦਿੱਤੀ ਮਨਜ਼ੂਰੀ
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੰਮਕਾਜ ਵਿਚ ਵਧੇਰੇ ਕੁਸ਼ਲਤਾ ਲਿਆਉਣ ਲਈ ਮੰਤਰੀ ਮੰਡਲ ਨੇ ਸੋਮਵਾਰ ਨੂੰ ਇਸ ਦੇ ਪੁਨਰਗਠਨ ਲਈ ਇਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਮੌਜੂਦਾ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਠੇਕੇ ‘ਤੇ ਰੱਖ ਕੇ ਕੰਮ ਵਿੱਚ ਲਚੀਲਾਪਨ ਲਿਆਉਣ ਲਈ ਵਿਭਾਗ ਦਾ ਪੁਨਰ ਗਠਨ ਕਰਨ ਲਈ ਇੱਕ ਵਿਆਪਕ ਪ੍ਰਸਤਾਵ ਤਿਆਰ ਕੀਤਾ ਗਿਆ ਹੈ। ਨਵੀਆਂ ਅਸਾਮੀਆਂ ਬਣਾਉਣ ਲਈ, ਕੁਝ ਰਵਾਇਤੀ ਅਸਾਮੀਆਂ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ, ਜੋ ਵਿਭਾਗ ਦੀ ਪੂਰੀ ਕੁਸ਼ਲਤਾ ਅਤੇ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿਚ ਮਦਦਗਾਰ ਹੋਵੇਗਾ।
ਪੰਜਾਬ ਸਿਵਲ ਸਕੱਤਰੇਤ ਨੇ ਨਿਯਮਾਂ ਵਿਚ ਸੋਧ ਨੂੰ ਪ੍ਰਵਾਨਗੀ
ਮੰਤਰੀ ਮੰਡਲ ਨੇ 23 ਦਸੰਬਰ 1995 ਨੂੰ ਪੰਜਾਬ ਸਿਵਲ ਸਕੱਤਰੇਤ (ਸਟੇਟ ਸਰਵਿਸਿਜ਼ ਕਲਾਜ਼ -3) ਨਿਯਮ, 1976 ਅਤੇ ਜਨਰਲ ਸਟੇਟ ਮੈਨੇਜਮੈਂਟ ਵੱਲੋਂ ਜਾਰੀ ਹੁਕਮਾਂ ਵਿੱਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਟੈਨੋ ਟਾਈਪਿਸਟ ਕੇਡਰ ਵਿਚ ਕੰਮ ਕਰ ਰਹੇ ਕਰਮਚਾਰੀਆਂ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਪਾਰ ਹੋ ਗਈ ਹੈ, ਨੂੰ ਵਿਭਾਗੀ ਯੋਗਤਾ ਪ੍ਰੀਖਿਆ ਵਿਚੋਂ ਛੋਟ ਦਿੱਤੀ ਜਾ ਸਕੇਗੀ, ਜੂਨੀਅਰ ਸਕੇਲ ਸਟੈਨੋਗ੍ਰਾਫਰ ਵਜੋਂ ਤਰੱਕੀ ਦਾ ਘੱਟੋ ਘੱਟ ਇਕ ਮੌਕਾ ਦਿੱਤਾ ਜਾਏਗਾ।