Fire breaks out in electronics warehouse : ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਇਲੈਕਟ੍ਰਾਨਿਕ ਸਾਮਾਨ ਦੇ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ, ਜਿਸ ਵਿਚ ਕਰੋੜਾਂ ਦਾ ਸਾਮਾਨ ਅਤੇ ਗੱਡੀਆਂ ਸੜ ਕੇ ਸੁਆਹ ਹੋ ਗਏ। ਉਥੇ ਹੀ ਇਸ ਹਾਦਸੇ ਦੇ ਕਾਰਨ ਗੋਦਾਮ ਦੇ ਮਾਲਕ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ ਅਤੇ ਉਹ ਕੰਗਾਲੀ ਦੀ ਰਾਹ ’ਤੇ ਆ ਗਿਆ ਹੈ। ਪਰਿਵਾਰ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਗੋਦਾਮ ਦੇ ਮਾਲਕ ਮਨੀਸ਼ ਆਹੂਜਾ ਨੇ ਦੱਸਿਆ ਕਿ ਉਸ ਦਾ ਫਿਰੋਜ਼ਪੁਰ ਛਾਉਣੀ ਵਿਚ ਨਿਊ ਲੱਕੀ ਰੇਡੀਓ ਦੇ ਨਾਮ ਨਾਲ ਇਕ ਸ਼ੋਅਰੂਮ ਹੈ। ਸ਼ੋਅਰੂਮ ਦਾ ਗੋਦਾਮ ਫਰੀਦਕੋਟ ਰੋਡ ‘ਤੇ ਹੈ। ਕਰੋੜਾਂ ਰੁਪਏ ਦੀਆਂ ਕੀਮਤੀ ਇਲੈਕਟ੍ਰਾਨਿਕਸ ਚੀਜ਼ਾਂ ਗੋਦਾਮ ਵਿਚ ਰੱਖੀਆਂ ਹੋਈਆਂ ਸਨ.।
ਗਾਹਕਾਂ ਨੂੰ ਸਾਮਾਨ ਦੀ ਡਿਲੀਵਰੀ ਕਰਨ ਲਈ ਗੱਡੀਆਂ ਵੀ ਤਿਆਰ ਖੜ੍ਹੀਆਂ ਸਨ। ਦੇਰ ਰਾਤ ਫੋਨ ਆਇਆ ਕਿ ਗੋਦਾਮ ਵਿਚੋਂ ਧੂੰਆਂ ਨਿਕਲ ਰਿਹਾ ਹੈ। ਇਸ ਤੋਂ ਬਾਅਦ ਗੋਦਾਮ ਦਾ ਮਾਲਿਕ ਮੌਕੇ ’ਤੇ ਪਹੁੰਚਿਆ ਤਾਂ ਧੂੰਆਂ ਅੱਗ ਦੀਆਂ ਲਾਟਾਂ ਵਿਚ ਬਦਲ ਗਿਆ ਸੀ ਅਤੇ ਸਾਰਾ ਗੋਦਾਮ ਸੜ ਰਿਹਾ ਸੀ। ਜਿਵੇਂ ਹੀ ਫੋਨ ਆਇਆ ਉਸਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫ਼ਿਰੋਜ਼ਪੁਰ ਸ਼ਹਿਰ, ਛਾਉਣੀ, ਫਰੀਦਕੋਟ, ਮੋਗਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਪਰ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਸਟਾਫ ਅਤੇ ਲੋਕਾਂ ਨੂੰ ਕਈ ਘੰਟਿਆਂ ਲਈ ਸਖਤ ਮਿਹਨਤ ਕਰਨੀ ਪਈ। ਪਰ ਉਦੋਂ ਤੱਕ ਗੋਦਾਮ ਵਿਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਸ਼ਾਰਟ ਸਰਕਟ ਵਿਚ ਅੱਗ ਲੱਗਣ ਦਾ ਕਾਰਨ ਦੱਸਿਆ ਜਾ ਰਿਹਾ ਹੈ।