IND Vs AUS Brisbane Test : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥਾ ਅਤੇ ਫੈਸਲਾਕੁੰਨ ਟੈਸਟ ਮੈਚ ਬ੍ਰਿਸਬੇਨ ਦੇ ਗਾਬਾ ਮੈਦਾਨ ਵਿੱਚ ਖੇਡਿਆ ਜਾ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-1 ‘ਤੇ ਬਰਾਬਰ ਹਨ। ਬ੍ਰਿਸਬੇਨ ਟੈਸਟ ਦੇ ਪਹਿਲੇ ਦਿਨ ਕੰਗਾਰੂ ਦੇ ਬੱਲੇਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਦਾ ਸਕੋਰ 5 ਵਿਕਟਾਂ ਦੇ ਨੁਕਸਾਨ ‘ਤੇ 274 ਦੌੜਾਂ ਹੈ। ਕੈਮਰਨ ਗ੍ਰੀਨ (28 ਦੌੜਾਂ) ਅਤੇ ਟਿਮ ਪੇਨ (38 ਦੌੜਾਂ) ਕ੍ਰੀਜ਼ ‘ਤੇ ਸਨ। ਭਾਰਤ ਲਈ ਪਹਿਲੀ ਪਾਰੀ ਵਿੱਚ ਟੀ. ਨਟਰਾਜਨ ਨੇ ਹੁਣ ਤੱਕ ਦੋ ਵਿਕਟਾਂ ਲਈਆਂ ਹਨ। ਜਦਕਿ ਮੁਹੰਮਦ ਸਿਰਾਜ, ਸ਼ਾਰਦੂਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੇ 1-1 ਵਿਕਟ ਲਏ ਹਨ। ਆਸਟ੍ਰੇਲੀਆ ਨੇ ਡੇਵਿਡ ਵਾਰਨਰ (1), ਮਾਰਕਸ ਹੈਰਿਸ (5), ਸਟੀਵ ਸਮਿਥ (36), ਮੈਥਿਊ ਵੇਡ (45) ਅਤੇ ਮਾਰਨਸ ਲੈਬੂਸ਼ਨ (108) ਦੀਆਂ ਵਿਕਟਾਂ ਗੁਆ ਦਿੱਤੀਆਂ ਹਨ।
ਆਸਟ੍ਰੇਲੀਆ ਨੇ ਆਖਰੀ ਟੈਸਟ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟ੍ਰੇਲੀਆ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਸਿਰਾਜ ਨੇ ਪਹਿਲੇ ਹੀ ਓਵਰ ਵਿੱਚ ਵਾਰਨਰ ਨੂੰ ਵਾਪਿਸ ਪਵੇਲੀਅਨ ਭੇਜ ਦਿੱਤਾ ਸੀ। ਜਦਕਿ ਆਖਰੀ ਟੈਸਟ ਮੈਚ ਵਿੱਚ ਟੀਮ ਇੰਡੀਆ ਨੂੰ ਚਾਰ ਤਬਦੀਲੀਆਂ ਨਾਲ ਮੈਦਾਨ ‘ਚ ਉਤਾਰਨਾ ਪਿਆ ਹੈ। ਭਾਰਤ ਬੁਮਰਾਹ ਅਤੇ ਅਸ਼ਵਿਨ ਤੋਂ ਬਿਨਾਂ ਇਸ ਮੈਚ ਵਿੱਚ ਉਤਰਿਆ ਹੈ। ਟੀਮ ਲਈ ਮੁਸ਼ਕਿਲ ਇਹ ਵੀ ਹੈ ਕਿ ਨਵਦੀਪ ਸੈਣੀ ਦੂਜੇ ਸੈਸ਼ਨ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਜਾਂਚ ਲਈ ਭੇਜਿਆ ਗਿਆ ਹੈ।
ਇਹ ਵੀ ਦੇਖੋ : ਆਓ ਦੇਖੀਏ ਵਿਗਿਆਨ ਭਵਨ ਦੇ ਅੰਦਰ ਅਤੇ ਬਾਹਰ ਕੀ ਚੱਲ ਰਿਹਾ