Sahib e Kamal Sri Guru Gobind Singh Ji: ਸਰਬੰਸਦਾਨੀ, ਬਾਦਸ਼ਾਹ ਦਰਵੇਸ਼, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨੂਰਾਨੀ, ਅਗੰਮੀ, ਅਦੁੱਤੀ ਅਤੇ ਅਜ਼ੀਮ ਸ਼ਖ਼ਸੀਅਤ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਨਿਰਾਲੀ ਤੇ ਲਾਸਾਨੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬਰ, ਸਹਿਜ, ਸਿਦਕ, ਦ੍ਰਿੜ੍ਹਤਾ, ਸਾਹਸ ਅਤੇ ਚੜ੍ਹਦੀ ਕਲਾ ਦੇ ਅਨੂਠੇ ਮੁਜੱਸਮੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਸ੍ਰੀ ਪਟਨਾ ਸਾਹਿਬ, ਬਿਹਾਰ, (ਮੌਜੂਦਾ ਤਖਤ ਸ੍ਰੀ ਪਟਨਾ ਸਾਹਿਬ), ਪੋਹ ਸੁਦੀ ਸਤਮੀ ਸੰਮਤ 1966 ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਅਤੇ ਮਾਤਾ ਗੁਜਰੀ ਜੀ ਦੇ ਗ੍ਰਿਹ ਵਿਖੇ ਹੋਇਆ। ਸਤਿਗੁਰਾਂ ਨੇ ਸੰਸਾਰ ਵਿਚ ਆਪਣੇ ਪ੍ਰਕਾਸ਼ ਬਾਰੇ ਆਪਣੀ ਸਵੈ-ਜੀਵਨੀ ‘ਬਚਿਤ੍ਰ ਨਾਟਕ’ ਵਿਚ ਇਉਂ ਬਿਆਨ ਕੀਤਾ ਹੈ:
ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ॥
ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥
ਤਹੀ ਪ੍ਰਕਾਸ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥
ਸਤਿਗੁਰਾਂ ਨੇ ਮਨੁੱਖੀ ਜਾਮੇ ਵਿਚ ਆਪਣੇ ਆਉਣ ਦਾ ਮਨੋਰਥ ਇੰਝ ਦੱਸਿਆ ਹੈ:
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨ ਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸਟ ਸਭਨ ਕੋ ਮੂਲ ਉਪਾਰਨ॥ (ਬਚਿਤ੍ਰ ਨਾਟਕ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਅਤੇ ਸਮੁੱਚੀ ਲੋਕਾਈ ਨੂੰ ਹੀ ਅਕਾਲ ਪੁਰਖ ਨਾਲ ਜੁੜਨ ਅਤੇ ਪਰਮਾਤਮਾ ਨੂੰ ਆਪਣਾ ਓਟ-ਆਸਰਾ ਸਮਝਣ ਲਈ ਪ੍ਰੇਰਿਆ ਅਤੇ ਤਾੜਨਾ ਕੀਤੀ ਹੈ:
ਜੋ ਹਮ ਕੋ ਪਰਮੇਸਰ ਉਚਰਿਹੈਂ॥
ਤੇ ਸਭ ਨਰਕ ਕੁੰਡ ਮਹਿ ਪਰਿਹੈਂ॥
ਮੋ ਕੌ ਦਾਸ ਤਵਨ ਕਾ ਜਾਨੋ॥
ਯਾ ਮੈ ਭੇਦ ਨ ਰੰਚ ਪਛਾਨੋ॥