Cold Flu infection risk: ਮੌਸਮ ‘ਚ ਬਦਲਾਅ ਆਉਣ ਕਾਰਨ ਸਰਦੀ, ਜ਼ੁਕਾਮ, ਖੰਘ, ਬੁਖਾਰ ਆਦਿ ਹੋਣਾ ਆਮ ਗੱਲ ਹੈ। ਵੈਸੇ ਤਾਂ ਲੋਕ ਇਸ ਸਮੱਸਿਆ ਤੋਂ ਜਲਦੀ ਠੀਕ ਹੋ ਜਾਂਦੇ ਹਨ। ਪਰ ਕਈਆਂ ਨੂੰ ਠੀਕ ਹੋਣ ‘ਚ ਸਮਾਂ ਲੱਗਦਾ ਹੈ। ਨਾਲ ਹੀ ਬਹੁਤ ਸਾਰੇ ਲੋਕ ਵਾਰ-ਵਾਰ ਫਲੂ ਦਾ ਸ਼ਿਕਾਰ ਹੁੰਦੇ ਹਨ। ਦਰਅਸਲ ਇਸਦੇ ਪਿੱਛੇ ਦਾ ਕਾਰਨ ਸਾਡੀ ਇਮਿਊਨਿਟੀ ਲੈਵਲ ਨਾਲ ਜੁੜਿਆ ਹੁੰਦਾ ਹੈ। ਸਰੀਰ ਦੀ ਇਮਿਊਨਿਟੀ ਘੱਟ ਹੋਣ ‘ਤੇ ਵਾਰ-ਵਾਰ ਬੀਮਾਰੀਆਂ ਲੱਗਣਾ ਅਤੇ ਇਸ ਤੋਂ ਠੀਕ ਹੋਣ ‘ਚ ਸਮਾਂ ਲੱਗਦਾ ਹੈ। ਅਜਿਹੇ ‘ਚ ਕੁਝ ਲੋਕਾਂ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਆਓ ਅੱਜ ਅਸੀਂ ਤੁਹਾਨੂੰ ਉਨ੍ਹਾਂ ਲੋਕਾਂ ਦੇ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਦੂਜਿਆਂ ਨਾਲੋਂ ਫਲੂ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਗਰਭਵਤੀ ਔਰਤਾਂ: ਗਰਭ ਅਵਸਥਾ ‘ਚ ਔਰਤਾਂ ਨੂੰ ਆਪਣੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਦਰਅਸਲ ਇਸ ਸਮੇਂ ਦੌਰਾਨ ਉਨ੍ਹਾਂ ਦੇ ਸਰੀਰ ਵਿਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਹਨ। ਅਜਿਹੇ ‘ਚ ਚਾਹੇ ਉਹ ਪੂਰੀ ਤਰ੍ਹਾਂ ਤੰਦਰੁਸਤ ਹੋਣ ਪਰ ਫਿਰ ਵੀ ਉਨ੍ਹਾਂ ਨੂੰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਨਾਲ ਹੀ ਡਿਲੀਵਰੀ ਦੇ 15 ਦਿਨਾਂ ਤੱਕ ਵੀ ਔਰਤਾਂ ‘ਚ ਕਮਜ਼ੋਰੀ ਰਹਿੰਦੀ ਹੈ। ਅਜਿਹੇ ‘ਚ ਇਨ੍ਹਾਂ ਔਰਤਾਂ ਨੂੰ ਦੂਜਿਆਂ ਦੇ ਮੁਕਾਬਲੇ ਫਲੂ ਇੰਫੈਕਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
2 ਸਾਲ ਤੋਂ ਘੱਟ ਉਮਰ ਦੇ ਬੱਚੇ: 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਚ ਇਮਿਊਨਿਟੀ ਘੱਟ ਹੋਣ ਕਾਰਨ ਬਿਮਾਰੀਆਂ ਨਾਲ ਲੜਨ ਦੀ ਘੱਟ ਯੋਗਤਾ ਹੁੰਦੀ ਹੈ। ਅਸਲ ‘ਚ ਇਸ ਉਮਰ ‘ਚ ਉਹਨਾਂ ਦਾ ਟੀਕਾਕਰਨ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਹੁੰਦਾ ਹੈ। ਅਜਿਹੇ ‘ਚ ਉਨ੍ਹਾਂ ਨੂੰ ਫਲੂ ਦੀ ਚਪੇਟ ‘ਚ ਆਉਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਮਾਹਰਾਂ ਦੇ ਅਨੁਸਾਰ ਅਕਸਰ ਇਹੀ ਕਾਰਨ ਹੈ ਕਿ 6 ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਨੂੰ ਫਲੂ ਦੇ ਕਾਰਨ ਹਸਪਤਾਲ ‘ਚ ਐਡਮਿਟ ਕਰਵਾਉਣਾ ਪੈਂਦਾ ਹੈ। ਅਜਿਹੇ ‘ਚ 2 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਦੀ ਵਿਸ਼ੇਸ਼ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ।
65 ਸਾਲ ਤੋਂ ਵੱਧ ਉਮਰ ਦੇ ਲੋਕ: ਉਮਰ ਵਧਣ ਦੇ ਨਾਲ ਇਮਿਊਨਿਟੀ ਘੱਟਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਸ ਦੇ ਕਾਰਨ ਸਰੀਰ ‘ਚ ਫਲੂ ਦੇ ਗੰਭੀਰ ਲੱਛਣ ਵੱਧਣ ਲੱਗਦੇ ਹਨ। ਅਜਿਹੇ ‘ਚ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਘਟਣੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਖ਼ਾਸ ਤੌਰ ‘ਤੇ ਬਜ਼ੁਰਗਾਂ ਨੂੰ ਫਲੂ ਸ਼ਾਟ ਲੈਣ ਦੇ ਨਾਲ ਡੇਲੀ ਡਾਇਟ ‘ਚ ਪੌਸ਼ਟਿਕ ਚੀਜ਼ਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਇਨ੍ਹਾਂ ਨੂੰ ਜੀਵਨਸ਼ੈਲੀ ‘ਚ ਯੋਗਾ, ਐਕਸਰਸਾਈਜ਼ ਆਦਿ ਸਿਹਤਮੰਦ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ। ਤਾਂ ਕਿ ਇਮਿਊਨਿਟੀ ਵਧਾਉਣ ‘ਚ ਮਦਦ ਮਿਲ ਸਕੇ।
ਪੁਰਾਣੀ ਬਿਮਾਰੀ ਨਾਲ ਪੀੜਤ ਲੋਕ: ਉਹ ਲੋਕ ਜੋ ਪਹਿਲਾਂ ਤੋਂ ਹੀ ਕਿਸੇ ਐਲਰਜੀ, ਸਾਹ, ਦਿਲ, ਕਿਡਨੀ ਨਾਲ ਸਬੰਧਤ ਬਿਮਾਰੀਆਂ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਫਲੂ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਬਿਮਾਰੀ ਨਾਲ ਲੜਨ ਦੀ ਯੋਗਤਾ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਸ਼ੂਗਰ ਅਤੇ ਹਾਈ ਬਲੱਡ ਤੋਂ ਪੀੜਤ ਲੋਕਾਂ ਦਾ ਵੀ ਇਮਿਊਨ ਸਿਸਟਮ ਵੀ ਕਮਜ਼ੋਰ ਹੁੰਦਾ ਹੈ। ਅਜਿਹੇ ‘ਚ ਉਹ ਜਲਦੀ ਹੀ ਫਲੂ ਦੇ ਸ਼ਿਕਾਰ ਹੋ ਸਕਦੇ ਹਨ।
ਇਸ ਤਰ੍ਹਾਂ ਕਰੋ ਬਚਾਅ…
- ਇਨ੍ਹਾਂ ਲੋਕਾਂ ਨੂੰ ਖ਼ਾਸ ਤੌਰ ‘ਤੇ ਮੌਸਮ ਦੇ ਅਨੁਸਾਰ ਆਪਣੀ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ।
- ਇਨ੍ਹਾਂ ਲੋਕਾਂ ਨੂੰ ਪੌਸ਼ਟਿਕ ਅਤੇ ਘੱਟ ਮਸਾਲੇ ਵਾਲਾ ਭੋਜਨ ਖਾਣਾ ਚਾਹੀਦਾ ਹੈ।
- ਮੌਸਮੀ ਫਲ ਅਤੇ ਸਬਜ਼ੀਆਂ ਖਾਣਾ ਵਧੀਆ ਰਹੇਗਾ।
- ਹਰ ਰੋਜ਼ ਸੌਣ ਤੋਂ ਪਹਿਲਾਂ ਗਰਮ ਦੁੱਧ ‘ਚ ਇਕ ਚੁਟਕੀ ਹਲਦੀ ਮਿਲਾ ਕੇ ਪੀਓ।
- ਸਰੀਰ ‘ਚ ਪਾਣੀ ਦੀ ਕਮੀ ਨਾ ਹੋਵੇ ਇਸ ਲਈ ਰੋਜ਼ਾਨਾ 8-9 ਗਲਾਸ ਪਾਣੀ ਪੀਓ।
- ਆਪਣੀ ਡੇਲੀ ਰੁਟੀਨ ‘ਚ ਸੈਰ, ਯੋਗਾ ਨੂੰ ਇਕ ਜ਼ਰੂਰੀ ਹਿੱਸਾ ਬਣਾਓ।
- ਗਰਭਵਤੀ ਔਰਤਾਂ ਡਾਕਟਰ ਦੇ ਨਿਰਦੇਸ਼ਾਂ ਅਨੁਸਾਰ ਆਪਣੀ ਖੁਰਾਕ ਦਾ ਧਿਆਨ ਰੱਖੋ।
- ਬੱਚੇ ਅਕਸਰ ਭੋਜਨ ਦੇ ਮਾਮਲੇ ‘ਚ ਆਨਾ-ਕਾਨੀ ਕਰਦੇ ਹਨ। ਅਜਿਹੇ ‘ਚ ਮਾਪਿਆਂ ਨੂੰ ਆਪਣੀ ਖੁਰਾਕ ਦਾ ਖਿਆਲ ਰੱਖਣਾ ਚਾਹੀਦਾ ਹੈ।