Congress march in Bhopal : ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਕਿਸਾਨਾਂ ਵਲੋਂ ਦਿੱਲੀ ਦੀਆ ਸਰਹੱਦਾਂ ‘ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਸਮਰਥਨ ‘ਚ ਵਿਰੋਧ ਕਰ ਰਹੀਆਂ ਹਨ। ਸ਼ਨੀਵਾਰ ਦੁਪਹਿਰ ਭੋਪਾਲ ਵਿੱਚ ਵੀ ਕਾਂਗਰਸ ਵਰਕਰਾਂ ਅਤੇ ਪੁਲਿਸ ਵਿਚਾਲੇ ਝੜਪ ਦੇਖਣ ਨੂੰ ਮਿਲੀ ਹੈ। ਦਰਅਸਲ, ਕਿਸਾਨਾਂ ਦੇ ਹੱਕ ਵਿੱਚ, ਕਾਂਗਰਸ ਵਰਕਰਾਂ ਨੇ ਜਵਾਹਰ ਚੌਕ ਤੋਂ ਰਾਜ ਭਵਨ ਤੱਕ ਮਾਰਚ ਕੱਢਣਾ ਸੀ। ਪਰ ਰਸਤੇ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਤਣਾਅ ਏਨਾ ਵੱਧ ਗਿਆ ਕਿ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇੰਨਾ ਹੀ ਨਹੀਂ ਵਰਕਰਾਂ ਨੂੰ ਖਿੰਡਾਉਣ ਲਈ ਵਾਟਰ ਕੈਨਨ ਦੀ ਵੀ ਵਰਤੋਂ ਕੀਤੀ ਗਈ ਹੈ।
ਜਦਕਿ ਸੀਨੀਅਰ ਕਾਂਗਰਸੀ ਨੇਤਾ ਦਿਗਵਿਜੇ ਸਿੰਘ ਅਤੇ ਜੈਵਰਧਨ ਸਿੰਘ ਅਤੇ ਕੁਨਾਲ ਚੌਧਰੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਕਰਯੋਗ ਹੈ ਕਿ ਠੰਡ ਦੇ ਵਿੱਚ ਦਿੱਲੀ ਦੀਆ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦੇ ਅੰਦੋਲਨ ਦਾ ਅੱਜ 59 ਵਾਂ ਦਿਨ ਹੈ। ਲਗਾਤਾਰ ਕਿਸਾਨ ਆਪਣੀਆਂ ਮੰਗਾ ਮੰਨਵਾਉਣ ਲਈ ਸੰਘਰਸ਼ ਕਰ ਰਹੇ ਹਨ। ਬੀਤੇ ਦਿਨ ਸਰਕਾਰ ਅਤੇ ਕਿਸਾਨਾਂ ਵਿਚਕਾਰ 11 ਵੇਂ ਗੇੜ ਦੀ ਗੱਲਬਾਤ ਵੀ ਹੋਈ ਸੀ, ਪਰ ਇਸ ਦੌਰਾਨ ਕੋਈ ਨਤੀਜਾ ਨਹੀਂ ਨਿਕਲਿਆ ਸੀ। ਹੁਣ ਦੇਖਣਾ ਹੋਵੇਗਾ ਕਿ ਅੱਜ ਪੁਲਿਸ ਅਤੇ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ 26 ਜਨਵਰੀ ਨੂੰ ਕਿਸਾਨਾਂ ਦੇ ਟ੍ਰੈਕਟਰ ਮਾਰਚ ਸਬੰਧੀ ਕੀ ਫੈਸਲਾ ਆਉਂਦਾ ਹੈ।