Ex-servicemen road show in support of farmers : ਬਠਿੰਡਾ : ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਬਠਿੰਡਾ ਤੋਂ ਮਾਨਸਾ ਜ਼ਿਲ੍ਹੇ ਦੇ ਸਾਬਕਾ ਫੌਜੀਆਂ ਨੇ ਰੋਡ ਸ਼ੋਅ ਕੀਤਾ ਗਿਆ। ਗਣਤੰਤਰ ਦਿਵਸ ਲਈ ਕਿਸਾਨ ਯੂਨੀਅਨਾਂ ਦੇ ਸੱਦੇ ਦਾ ਜਵਾਬ ਦਿੰਦਿਆਂ ਉਨ੍ਹਾਂ ਬੀਤੇ ਦਿਨ ਐਲਾਨ ਕੀਤਾ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਏਕਤਾ ਦੇ ਪ੍ਰਦਰਸ਼ਨ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ ਪਰੇਡ ਵਿੱਚ ਹਿੱਸਾ ਲੈਣਗੇ। ਰੋਡ ਸ਼ੋਅ ਬਠਿੰਡਾ ਦੀ ਥਰਮਲ ਝੀਲ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਕਈ ਹਿੱਸਿਆਂ ਵਿਚੋਂ ਲੰਘਦਿਆਂ ਮਾਨਸਾ ਪਹੁੰਚਿਆ।
ਮਾਨਸਾ ਦੇ ਸਾਬਕਾ ਸੈਨਿਕ ਦਰਸ਼ਨ ਸਿੰਘ ਨੇ ਕਿਹਾ “ਅਸੀਂ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿੱਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਅਸੀਂ ਕੇਂਦਰ ਸਰਕਾਰ ਦੇ ਘਟੀਆ ਰੁਖ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਨਵੇਂ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਕਿਸਾਨਾਂ ਦੀ ਮੰਗ ਦੇ ਨਾਲ ਦ੍ਰਿੜਤਾ ਨਾਲ ਖੜੇ ਹਾਂ। ” ਸਾਬਕਾ ਫੋਜੀਆਂ ਨੇ ਕਿਹਾ ਕਿ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਨੇ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਸ਼ਾਂਤਮਈ ਰੱਖਣ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ। ਸਾਬਕਾ ਸੈਨਿਕਾਂ ਨੇ ਭਵਿੱਖ ਵਿਚ ਵੀ ਅੰਦੋਲਨ ਨੂੰ ਸ਼ਾਂਤਮਈ ਰੱਖਣ ਲਈ ਕਿਸਾਨਾਂ ਦਾ ਪੂਰਾ ਸਮਰਥਨ ਦਿੱਤਾ।
ਦੱਸਣਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਬਾਰਡਰਾਂ ’ਤੇ ਡਟੇ ਹੋਏ ਹਨ। ਬੀਤੇ ਦਿਨ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ 11ਵੇਂ ਗੇੜ ਦੀ ਗੱਲਬਾਤ ਹੋਈ ਪਰ ਪਹਿਲਾਂ ਵਾਂਗ ਇਹ ਵੀ ਬੇਸਿੱਟਾ ਰਹੀ। ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ’ਤੇ ਡੇਢ ਸਾਲ ਲਈ ਰੋਕ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ, ਜਿਸ ਨੂੰ ਕਿਸਾਨਾਂ ਨੇ ਨਹੀਂ ਮੰਨਿਆ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਉਹ ਅੰਦੋਲਨ ਖਤਮ ਨਹੀਂ ਕਰਨਗੇ।