UP police big action: ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਪਿਛਲੇ 40 ਦਿਨਾਂ ਤੋਂ ਖੇਤੀ ਕਾਨੂੰਨਾਂ ਖ਼ਿਲਾਫ ਜਾਰੀ ਧਰਨੇ ਨੂੰ ਬੁੱਧਵਾਰ ਅੱਧੀ ਰਾਤ ਨੂੰ ਖਤਮ ਕਰਵਾ ਦਿੱਤਾ ਗਿਆ । ਡੀਐਮ ਅਤੇ ਐਸਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਧਰਨਾ ਪ੍ਰਦਰਸ਼ਨ ਦੀ ਥਾਂ ‘ਤੇ ਪਹੁੰਚੀ ਕਈ ਥਾਣਿਆਂ ਦੀ ਫੋਰਸ ਨੇ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਕਿਸਾਨਾਂ ਨੂੰ ਖਦੇੜ ਦਿੱਤਾ । ਨੈਸ਼ਨਲ ਹਾਈਵੇ 709b ‘ਤੇ ਦਰਜਨਾਂ ਤੋਂ ਵੱਧ ਲੋਕ ਧਰਨੇ ‘ਤੇ ਬੈਠੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਧਰਨੇ ਤੋਂ ਖਦੇੜ ਕੇ ਵਾਪਸ ਘਰ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਬਾਗਪਤ ਵਿੱਚ ਪਿਛਲੇ 40 ਦਿਨਾਂ ਤੋਂ ਨੈਸ਼ਨਲ ਹਾਈਵੇ 709b ‘ਤੇ ਕਿਸਾਨ ਯੂਨੀਅਨ ਅਤੇ ਖਾਪ ਚੌਧਰੀਆਂ ਦਾ ਧਰਨਾ ਚੱਲ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕਈ ਵਾਰ ਸੁਲ੍ਹਾ ਕਰਕੇ ਧਰਨੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਫਲਤਾ ਨਹੀਂ ਮਿਲੀ। ਜਿਸ ਤੋਂ ਬਾਅਦ ਬੁੱਧਵਾਰ ਰਾਤ ਐਸਪੀ ਬਾਗਪਤ ਅਭਿਸ਼ੇਕ ਕੁਮਾਰ ਅਤੇ ਡੀਐਮ ਰਾਜਕਮਲ ਯਾਦਵ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਧਰਨੇ ਵਾਲੀ ਥਾਂ ‘ਤੇ ਪਹੁੰਚੀ ਅਤੇ ਉਨ੍ਹਾਂ ਨੇ ਧਰਨੇ ਵਾਲੀ ਥਾਂ ਖਾਲੀ ਕਰਵਾਈ। ਇਸ ਦੌਰਾਨ ਪ੍ਰਸ਼ਾਸਨ ਨੇ ਹਾਈਵੇਅ ‘ਤੇ ਬਣੇ ਕਿਸਾਨਾਂ ਦੇ ਤੰਬੂ ਢਾਹ ਦਿੱਤੇ ਅਤੇ ਧਰਨੇ ਵਾਲੀ ਥਾਂ ‘ਤੇ ਰੱਖਿਆ ਸਮਾਨ ਟਰੈਕਟਰ ਵਿੱਚ ਭਰ ਕੇ ਵਾਪਸ ਭੇਜ ਦਿੱਤਾ। ਜਦੋਂ ਪੁਲਿਸ ਨੇ ਕਿਸਾਨਾਂ ਦਾ ਧਰਨਾ ਸਮਾਪਤ ਕੀਤਾ ਤਾਂ ਡੀਐਮ, ਐਸਪੀ, ਏਡੀਐਮ, ਐਸਪੀ ਸਮੇਤ ਸਾਰੇ ਅਧਿਕਾਰੀ ਅਤੇ ਕਈ ਥਾਣਿਆਂ ਦੀ ਪੁਲਿਸ ਫੋਰਸ ਮੌਕੇ ‘ਤੇ ਮੌਜੂਦ ਸੀ।
ਦੱਸ ਦੇਈਏ ਕਿ ਬੜੋਤ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਭਗ 40 ਦਿਨ ਪਹਿਲਾਂ ਖਾਪ ਚੌਧਰੀ ਸੁਰੇਂਦਰ ਸਿੰਘ ਦੀ ਅਗਵਾਈ ਵਿੱਚ ਧਰਨੇ ਦੀ ਸ਼ੁਰੂਆਤ ਹੋਈ ਸੀ। ਬਾਅਦ ਵਿੱਚ ਸੁਰੇਂਦਰ ਸਿੰਘ ਧਰਨੇ ਤੋਂ ਅਲੱਗ ਹੋ ਗਏ ਸੀ । ਸੁਰੇਂਦਰ ਸਿੰਘ ਦੇ ਹਟਣ ਤੋਂ ਬਾਅਦ ਹੋਰ ਖਾਪਾਂ ਦੇ ਚੌਧਰੀਆਂ ਨੇ ਅਣਮਿੱਥੇ ਸਮੇਂ ਲਈ ਧਰਨੇ ਦੀ ਅਗਵਾਈ ਕੀਤੀ । ਹੌਲੀ-ਹੌਲੀ ਖਾਪ ਚੌਧਰੀ ਸੁਰੇਂਦਰ ਸਿੰਘ ਕਈ ਕਿਸਾਨ ਜੱਥੇਬੰਦੀਆਂ ਨਾਲ ਧਰਨੇ ਵਾਲੀ ਥਾਂ ‘ਤੇ ਪਰਤ ਆਏ।