Notice given to Rakesh Tikait : ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆ ਸਰਹੱਦਾਂ ’ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 64 ਵੇਂ ਦਿਨ ਵੀ ਜਾਰੀ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ। ਪਰ 26 ਜਨਵਰੀ ਨੂੰ ਕਿਸਾਨ ਟਰੈਕਟਰ ਰੈਲੀ ਦੌਰਾਨ ਦਿੱਲੀ ‘ਚ ਕੁੱਝ ਜਗ੍ਹਾ ਹੋਏ ਹੰਗਾਮੇ ਦੇ ਬਾਅਦ ਹੁਣ ਦਿੱਲੀ ਪੁਲਿਸ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ। ਇਸੇ ਵਿਚਕਾਰ ਦਿੱਲੀ ਪੁਲਿਸ ਵੀਰਵਾਰ ਦੁਪਹਿਰ ਗਾਜੀਪੁਰ ਸਰਹੱਦ ‘ਤੇ ਪਹੁੰਚੀ, ਜਿੱਥੇ ਪੁਲਿਸ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਨੋਟਿਸ ਸੌਂਪਿਆ ਹੈ। ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਦੇ ਮਾਮਲੇ ਵਿੱਚ, ਦਿੱਲੀ ਪੁਲਿਸ ਕਈ ਕਿਸਾਨ ਆਗੂਆਂ ਨੂੰ ਲੁਕ ਆਊਟ ਨੋਟਿਸ ਜਾਰੀ ਕਰ ਰਹੀ ਹੈ। ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਪੁਲਿਸ ਨੂੰ ਨੋਟਿਸ ਦਾ ਜਵਾਬ ਦੇਣਗੇ।
ਅੰਦੋਲਨ ਦੇ ਦੌਰਾਨ ਸਿਆਸੀ ਵਾਰ ਵੀ ਲਗਾਤਾਰ ਜਾਰੀ ਹਨ। ਵਿਰੋਧੀ ਪਾਰਟੀਆਂ ਵੀ ਲਗਾਤਾਰ ਕੇਂਦਰ ਸਰਕਾਰ ‘ਤੇ ਹਮਲਾ ਬੋਲ ਰਹੀਆਂ ਹਨ। ਇਸੇ ਵਿਚਕਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਫਿਰ ਨਿਸ਼ਾਨਾ ਸਾਧਿਆ ਹੈ। ਆਪਣੇ ਸੰਸਦੀ ਖੇਤਰ ਵਯਾਨਾਡ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਬਹੁਤੇ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵੇਰਵਾ ਨਹੀਂ ਜਾਣਦੇ। ਜੇ ਉਨ੍ਹਾਂ ਨੂੰ ਡਿਟੇਲ ਸਮਝ ਆ ਗਈ ਤਾਂ ਪੂਰੇ ਦੇਸ਼ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋ ਜਾਵੇਗਾ।