Farmers protest on Kundli border: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਹ ਅੰਦੋਲਨ ਜਿੰਨਾ ਲੰਬਾ ਹੁੰਦਾ ਜਾ ਰਿਹਾ ਹੈ, ਇਸ ਵਿੱਚ ਉਨੇ ਹੀ ਉਤਾਰ-ਚੜਾਅ ਦੇਖਣ ਨੂੰ ਮਿਲ ਰਹੇ ਰਹੇ ਹਨ। ਇੱਕ ਪਾਸੇ ਜਿੱਥੇ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਵਾਪਰੀ ਘਟਨਾ ਦੇ ਅਗਲੇ ਦੋ ਦਿਨਾਂ ਤੱਕ ਇਹ ਅੰਦੋਲਨ ਖਤਮ ਹੁੰਦਾ ਦਿਖਾਈ ਦੇ ਰਿਹਾ ਸੀ, ਉੱਥੇ ਹੀ ਹੁਣ ਮਹਿਜ਼ 5 ਦਿਨਾਂ ਵਿੱਚ ਧਰਨੇ ਵਾਲੀਆਂ ਥਾਵਾਂ ‘ਤੇ ਮੁੜ ਦੁਗਣੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ ਹਨ। ਇੱਕ ਰਿਪੋਰਟ ਦੇ ਅਨੁਸਾਰ 45 ਹਜ਼ਾਰ ਤੋਂ ਵੱਧ ਕਿਸਾਨ ਕੁੰਡਲੀ ਬਾਰਡਰ ‘ਤੇ ਇਕੱਠੇ ਹੋਏ ਹਨ ਅਤੇ ਉੱਥੇ ਕਿਸਾਨਾਂ ਦੇ ਪਹੁੰਚਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਇਸ ਤਰ੍ਹਾਂ ਨਾਲ ਕਿਸਾਨਾਂ ਵਿੱਚ ਉਤਸ਼ਾਹ ਦੇ ਮੱਦੇਨਜ਼ਰ ਆਗੂਆਂ ਨੇ ਫਿਰ ਸਰਕਾਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ 27 ਨਵੰਬਰ ਤੋਂ ਰਾਸ਼ਟਰੀ ਰਾਜਮਾਰਗ 44 ਦੇ ਕੁੰਡਲੀ ਬਾਰਡਰ ‘ਤੇ ਡੇਰਾ ਲਗਾਇਆ ਹੋਇਆ ਹੈ। ਇੱਥੇ ਪਹਿਲੇ ਦਿਨ 25 ਹਜ਼ਾਰ ਕਿਸਾਨ ਤਕਰੀਬਨ 2 ਹਜ਼ਾਰ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ‘ਤੇ ਪਹੁੰਚੇ ਸਨ । ਉਸ ਤੋਂ ਬਾਅਦ ਕਿਸਾਨਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।
ਇਸ ਸਬੰਧੀ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਕਿਸਾਨ ਲਗਾਤਾਰ ਕੁੰਡਲੀ ਬਾਰਡਰ ‘ਤੇ ਪਹੁੰਚ ਰਹੇ ਹਨ ਅਤੇ ਹਰ ਰੋਜ਼ ਹਜ਼ਾਰਾਂ ਕਿਸਾਨ ਇੱਥੇ ਆਉਂਦੇ ਹਨ। ਹੁਣ ਸਰਕਾਰ ਦੀ ਇਹ ਗਲਤਫਹਿਮੀ ਵੀ ਦੂਰ ਹੋ ਗਈ ਹੈ ਕਿ ਸਖਤੀ ਕਰ ਕੇ ਕਿਸਾਨਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਹ ਅੰਦੋਲਨ ਖ਼ਤਮ ਹੋ ਜਾਵੇਗਾ। ਸਰਕਾਰ ਨੂੰ ਹੁਣ ਆਪਣੀ ਜ਼ਿੱਦੀ ਗੱਲਾਂ ਛੱਡ ਕੇ ਅੰਨਾਦਾਤਾ ਦੀਆਂ ਮੁਸ਼ਕਿਲਾਂ ਹੱਲ ਕਰਨੀਆਂ ਚਾਹੀਦੀਆਂ ਹਨ। ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਉਨ੍ਹਾਂ ਦਾ ਅੰਦੋਲਨ ਅਕਤੂਬਰ ਤੱਕ ਚੱਲੇਗਾ, ਜੇਕਰ ਸਰਕਾਰ ਅਕਤੂਬਰ ਤੱਕ ਸਹਿਮਤ ਨਾ ਹੋਈ ਤਾਂ ਕਿਸਾਨ ਜੱਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਇੱਕ ਟਰੈਕਟਰ ਰੈਲੀ ਕੱਢੀ ਜਾਵੇਗੀ । ਦਰਅਸਲ, ਭਾਰਤੀ ਕਿਸਾਨ ਯੂਨੀਅਨ (BKU) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, ‘ਅਸੀਂ ਸਰਕਾਰ ਨੂੰ ਅਕਤੂਬਰ ਤੱਕ ਦਾ ਸਮਾਂ ਦੇ ਦਿੱਤਾ ਹੈ। ਜੇ ਸਰਕਾਰ ਸਾਡੀ ਗੱਲ ਨਾ ਮੰਨੀ ਤਾਂ ਅਸੀਂ 40 ਲੱਖ ਟਰੈਕਟਰਾਂ ਨਾਲ ਦੇਸ਼ ਭਰ ਵਿੱਚ ਟਰੈਕਟਰ ਰੈਲੀ ਕਰਾਂਗੇ।’ ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਨਾਅਰਾ ਹੈ, “ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ।” ਉਨ੍ਹਾਂ ਅੱਗੇ ਕਿਹਾ ਕਿ ਇਹ ਅੰਦੋਲਨ ਜਲਦੀ ਖ਼ਤਮ ਨਹੀਂ ਹੋਵੇਗਾ, ਬਲਕਿ ਅਕਤੂਬਰ ਤੱਕ ਚੱਲੇਗਾ।