Ashok dinda announces retirement : ਭਾਰਤੀ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਰਿਟਾਇਰਮੈਂਟ ਤੋਂ ਬਾਅਦ ਡਿੰਡਾ ਨੇ ਬੀਸੀਸੀਆਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਰਿਹਾ ਹਾਂ। ਡਿੰਡਾ ਨੇ ਭਾਰਤ ਲਈ 13 ਵਨਡੇ ਮੈਚ ਖੇਡੇ ਹਨ,ਜਿਸ ਵਿੱਚ 12 ਵਿਕਟਾਂ ਲਈਆਂ ਹਨ, ਜਦਕਿ 9 ਟੀ -20 ਮੈਚ ਖੇਡਦਿਆਂ 17 ਵਿਕਟਾਂ ਲਈਆਂ ਹਨ। ਡਿੰਡਾ ਨੇ ਪਹਿਲੇ ਦਰਜੇ ਦੇ ਮੈਚਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਡਿੰਡਾ 116 ਮੈਚ ਖੇਡਦਿਆਂ 420 ਵਿਕਟਾਂ ਲੈਣ ਵਿੱਚ ਕਾਮਯਾਬ ਰਿਹਾ ਹੈ। ਡਿੰਡਾ ਨੇ ਫ਼ਸਟ ਕਲਾਸ ਕ੍ਰਿਕਟ ਮੈਚ ਬੰਗਾਲ ਲਈ ਖੇਡੇ ਹਨ।
ਸਈਦ ਮੁਸ਼ਤਾਕ ਅਲੀ ਟਰਾਫੀ 2021 ਵਿੱਚ ਗੋਆ ਲਈ ਡਿੰਡਾ ਖੇਡ ਰਹੇ ਸੀ। ਇਸ ਤੋਂ ਇਲਾਵਾ, ਡਿੰਡਾ ਦਿੱਲੀ ਡੇਅਰਡੇਵਿਲਜ਼, ਕੋਲਕਾਤਾ ਨਾਈਟ ਰਾਈਡਰਜ਼, ਪੁਣੇ ਵਾਰੀਅਰਜ਼, ਰਾਈਜ਼ਿੰਗ ਪੁਣੇ ਸੁਪਰਗਿਜੈਂਟਸ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਲਈ IPL ਦਾ ਹਿੱਸਾ ਰਹਿ ਚੁੱਕੇ ਹਨ। ਸੰਨਿਆਸ ਦੀ ਘੋਸ਼ਣਾ ਕਰਦਿਆਂ ਅਸ਼ੋਕ ਡਿੰਡਾ ਨੇ ਕਿਹਾ,”ਹਰੇਕ ਦਾ ਟੀਚਾ ਭਾਰਤ ਲਈ ਖੇਡਣਾ ਹੈ, ਮੈਂ ਬੰਗਾਲ ਲਈ ਖੇਡਿਆ, ਇਸ ਲਈ ਮੈਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ। ਮੈਂ ਬੀਸੀਸੀਆਈ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਭਾਰਤ ਲਈ ਖੇਡਣ ਦਾ ਮੌਕਾ ਦਿੱਤਾ। ਦੀਪ ਦਾਸ ਗੁਪਤਾ, ਰੋਹਨ ਗਾਵਸਕਰ ਵਰਗੇ ਸੀਨੀਅਰ ਖਿਡਾਰੀਆਂ ਨੇ ਮੈਨੂੰ ਬੰਗਾਲ ਲਈ ਖੇਡਣ ਲਈ ਸੇਧ ਦਿੱਤੀ।”
ਅਸ਼ੋਕ ਡਿੰਡਾ ਨੇ ਸਾਲ 2010 ਵਿੱਚ ਵਨਡੇ ਮੈਚ ਨਾਲ ਆਪਣਾ ਡੈਬਿਊ ਕੀਤਾ ਸੀ। ਸੰਨਿਆਸ ਦੀ ਘੋਸ਼ਣਾ ਕਰਦਿਆਂ, ਡਿੰਡਾ ਨੇ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਚੇਅਰਮੈਨ ਸੌਰਵ ਗਾਂਗੁਲੀ ਦਾ ਵੀ ਧੰਨਵਾਦ ਕੀਤਾ। ਡਿੰਡਾ ਨੇ ਕਿਹਾ ਕਿ ਸਾਬਕਾ ਭਾਰਤੀ ਕਪਤਾਨ ਨੇ ਹਮੇਸ਼ਾ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ, “ਮੈਂ ਸੌਰਵ ਗਾਂਗੁਲੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਨੂੰ ਯਾਦ ਹੈ ਕਿ ਗਾਂਗੁਲੀ ਨੇ ਮੈਨੂੰ 2005-06 ਵਿੱਚ 16 ਮੈਂਬਰੀ ਟੀਮ ਵਿੱਚ ਚੁਣਿਆ ਸੀ। ਮੈਂ ਮਹਾਰਾਸ਼ਟਰ ਦੇ ਖਿਲਾਫ ਡੈਬਿਊ ਕੀਤਾ ਸੀ। ਮੈਂ ਹਮੇਸ਼ਾਂ ਦਾਦਾ(ਸੌਰਵ ਗਾਂਗੁਲੀ) ਦਾ ਕਰਜ਼ਦਾਰ ਰਹਾਂਗਾ। ਉਨ੍ਹਾਂ ਨੇ ਹਮੇਸ਼ਾਂ ਮੇਰਾ ਸਾਥ ਦਿੱਤਾ।”