Shashi tharoor says on celebs : ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਹੁਣ ਇਸ ਨੂੰ ਵੱਖ-ਵੱਖ ਥਾਵਾਂ ਤੋਂ ਸਮਰਥਨ ਮਿਲ ਰਿਹਾ ਹੈ। ਬੀਤੇ ਦਿਨੀਂ ਹਰਿਆਣਾ ਦੇ ਜੀਂਦ ਵਿੱਚ ਇੱਕ ਮਹਾਂ ਪੰਚਾਇਤ ਹੋਈ, ਜਿਸ ਵਿੱਚ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਹੁਣ 6 ਫਰਵਰੀ ਨੂੰ ਹੋਣ ਵਾਲੇ ਚੱਕਾ ਜਾਮ ਲਈ ਕਿਸਾਨ ਜਥੇਬੰਦੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਇਸ ਮੁੱਦੇ ‘ਤੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਵੀ ਕਿਸਾਨ ਅੰਦੋਲਨ ਦੀ ਗੂੰਜ ਸੁਣ ਰਹੀ ਹੈ। ਇਸ ਵਿਚਕਾਰ ਸੀਨੀਅਰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਕਿਸਾਨ ਅੰਦੋਲਨ ਸੰਬੰਧੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਕੇਂਦਰ ਦੇ ਅੜੀਅਲ ਵਤੀਰੇ ਅਤੇ ਗੈਰ ਲੋਕਤੰਤਰੀ ਵਿਹਾਰ ਨਾਲ ਭਾਰਤ ਦੇ ਗਲੋਬਲ ਅਕਸ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਸ਼ਸ਼ੀ ਥਰੂਰ ਨੇ ਇਹ ਜਵਾਬ ਗਲੋਬਲ ਮਸ਼ਹੂਰ ਹਸਤੀਆਂ ਦੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਤੋਂ ਬਾਅਦ ਆਈ ਸਰਕਾਰ ਦੀ ਸਖਤ ਪ੍ਰਤੀਕ੍ਰਿਆ ਅਤੇ ਬਾਲੀਵੁੱਡ ਅਤੇ ਕ੍ਰਿਕਟ ਹਸਤੀਆਂ ਦੇ ਟਵੀਟਾਂ ਤੋਂ ਬਾਅਦ ਦਿੱਤਾ ਹੈ।
ਪੌਪ ਗਾਇਕਾ ਰਿਹਾਨਾ ਅਤੇ ਵਾਤਾਵਰਣ ਵਰਕਰ ਗ੍ਰੇਟਾ ਥਨਬਰਗ ਵਰਗੀਆਂ ਗਲੋਬਲ ਮਸ਼ਹੂਰ ਹਸਤੀਆਂ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ, ਉੱਤੇ ਭਾਰਤ ਨੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਬਾਲੀਵੁੱਡ ਦੇ ਕਈ ਅਦਾਕਾਰਾਂ, ਕ੍ਰਿਕਟਰਾਂ ਅਤੇ ਕੇਂਦਰੀ ਮੰਤਰੀਆਂ ਨੇ ਸਰਕਾਰ ਦੇ ਇਸ ਰੁਖ ਦਾ ਸਮਰਥਨ ਕੀਤਾ ਹੈ। ਪਰ ਇਸ ਤੋਂ ਬਾਅਦ ਥਰੂਰ ਨੇ ਟਵੀਟ ਕੀਤਾ, “ਭਾਰਤ ਸਰਕਾਰ ਲਈ ਇਹ ਸ਼ਰਮਨਾਕ ਹੈ ਕਿ ਭਾਰਤੀ ਮਸ਼ਹੂਰ ਹਸਤੀਆਂ ਤੋਂ ਪੱਛਮੀ ਮਸ਼ਹੂਰ ਹਸਤੀਆਂ ‘ਤੇ ਪਲਟਵਾਰ ਕਰਵਾਉਣਾ ਪੈ ਰਿਹਾ ਹੈ। ਭਾਰਤ ਸਰਕਾਰ ਦੇ ਕਠੋਰ ਅਤੇ ਅਣਸੁਖਾਵੇਂ ਵਿਵਹਾਰ ਨਾਲ ਭਾਰਤ ਦੇ ਗਲੋਬਲ ਅਕਸ ਨੂੰ ਹੋਏ ਨੁਕਸਾਨ ਦੀ ਭਰਪਾਈ ਕ੍ਰਿਕਟਰਾਂ ਦੇ ਟਵੀਟ ਨਾਲ ਨਹੀਂ ਕੀਤੀ ਜਾ ਸਕਦੀ।” ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਅਨਿਲ ਕੁੰਬਲੇ ਅਤੇ ਰਵੀ ਸ਼ਾਸਤਰੀ ਨੇ ” ਇੰਡੀਆ ਟੂਗੇਦਰ” (ਭਾਰਤ ਇਕਜੁੱਟ ਹੈ) ਅਤੇ ”ਇੰਡੀਆ ਅਗੇਂਸਟ ਪ੍ਰਪੇਗਾਂਡਾ” ਹੈਸ਼ ਟੈਗ ਨਾਲ ਟਵੀਟ ਕੀਤਾ ਹੈ। ਇਸ ਤੋਂ ਬਾਅਦ ਥਰੂਰ ਨੇ ਇਹ ਟਿੱਪਣੀ ਕੀਤੀ ਹੈ। ਸਾਬਕਾ ਵਿਦੇਸ਼ ਰਾਜ ਮੰਤਰੀ ਥਰੂਰ ਨੇ ਕਿਹਾ, “ਕਾਨੂੰਨ ਵਾਪਿਸ ਲਓ ਅਤੇ ਕਿਸਾਨਾਂ ਨਾਲ ਹੱਲ ਬਾਰੇ ਵਿਚਾਰ ਵਟਾਂਦਰੇ ਕਰੋ ਅਤੇ ਤੁਸੀ ”ਇੰਡੀਆ ਟੂਗੇਦਰ ਪਾਉਗੇ।”