Punjab leads in school : ਚੰਡੀਗੜ੍ਹ : ਵਿਦਿਆਰਥੀਆਂ ਦੀ ਸਕੂਲਾਂ ਵਿੱਚ ਹਾਜ਼ਰੀ ਦੇ ਮਾਮਲੇ ਵਿੱਚ ਪੰਜਾਬ ਮੋਹਰੀ ਰਿਹਾ ਹੈ। ਇਹ ਗੱਲ ਆਰਥਿਕ ਸਰਵੇਖਣ 2021 ਦੇ ਨਤੀਜਿਆਂ ਵਿੱਚ ਸਾਹਮਣੇ ਆਈ, ਜਿਸ ਮੁਤਾਬਕ ਪ੍ਰਾਈਮਰੀ ਸਕੂਲਾਂ ਵਿੱਚ 3 ਤੋਂ 5 ਸਾਲ ਵਰਗ ’ਚ ਪੰਜਾਬ ਵਿਚ 61.6 ਫੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਰਿਕਾਰਡ ਕੀਤੀ ਗਈ ਜੋ ਕਿ ਪੂਰੇ ਦੇਸ਼ ਵਿਚ ਸਭ ਤੋਂ ਵੱਧ ਸੀ। ਪੰਜਾਬ ਨੇ ਹੀ ਦੇਸ਼ ਭਰ ਵਿਚੋਂ ਸਭ ਤੋਂ ਪਹਿਲਾਂ ਪੂਰਨ ਤੌਰ ’ਤੇ ਪ੍ਰੀ-ਪ੍ਰਾਇਮਰੀ ਕਲਾਸਾਂ ਸਰਕਾਰੀ ਸਕੂਲਾਂ ਵਿਚ 14 ਨਵੰਬਰ 2017 ਨੂੰ ਸ਼ੁਰੂ ਕੀਤੀਆਂ ਸਨ।
ਇਹ ਜਾਣਕਾਰੀ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦਿੰਦਿਆਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਦਾ ਦਾਖਲਾ ਅਤੇ ਪੜਾਈ ਬਿਲਕੁਲ ਮੁਫਤ ਹੈ ਜਿਸ ਨਾਲ ਵਿੱਤੀ ਤੌਰ ‘ਤੇ ਕਮਜੋਰ ਮਾਪਿਆਂ ਦੇ ਬੱਚਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਦਾਖਲਿਆਂ ਦੇ ਵਿਚ ਹਰ ਸਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਕਾਦਮਿਕ ਵਰ੍ਹੇ 2018-19 ’ਚ 2 ਲੱਖ 13 ਹਜ਼ਾਰ ਬੱਚਿਆਂ ਨੇ ਦਾਖਲਾ ਲਿਆ ਸੀ ਜੋ 2019-20 ’ਚ ਵੱਧ ਕੇ 2 ਲੱਖ 25 ਹਜ਼ਾਰ ਹੋ ਗਿਆ। ਚਾਲੂ ਅਕਾਦਮਿਕ ਵਰੇ ਵਿਚ ਸਰਕਾਰੀ ਸਕੂਲਾਂ ਵਿੱਚ 3 ਲੱਖ 30 ਹਜਾਰ ਬੱਚੇ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾ ਲੈ ਚੁੱਕੇ ਹਨ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਦਾਖਲਾ ਵਧਣ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਮੰਗ ਵਧੀ ਹੈ ਜਿਸਨੂੰ ਦੇਖਦਿਆਂ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਗਈਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪੜਾਉਣ ਲਈ 8393 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ ਪੱਕੀਆਂ ਪੋਸਟਾਂ ਨੂੰ ਭਰਨ ਦੀ ਪੰਜਾਬ ਸਰਕਾਰ ਨੇ ਮਨਜੂਰੀ ਦਿੱਤੀ ਜਿਸਦੀ ਭਰਤੀ ਪ੍ਰਕਿਰਿਆ ਜਾਰੀ ਹੈ। ਲਗਭਗ 13000 ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਮਰਿਆਂ ਨੂੰ ਮਾਡਲ ਕਲਾਸਰੂਮ ਵਜੋਂ ਸਥਾਪਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਹਰੇ ਕਾਰਪੈਟਾਂ ਅਤੇ ਗੱਦਿਆਂ ਦੇ ਨਾਲ-ਨਾਲ ਭਾਂਤ-ਭਾਂਤ ਦੇ ਖਿਡੌਣਿਆਂ, ਈ-ਕੰਟੈਂਟ ਦੀ ਵਰਤੋਂ ਲਈ ਲੱਗੇ ਪ੍ਰੋਜੈਕਟਰ ਜਾਂ ਐੱਲ.ਈ.ਡੀਜ. ਲਗਾਏ ਗਏ ਹਨ। ਸਿੱਖਣ-ਸਿਖਾਉਣ ਪ੍ਰਕਿਰਿਆ ਨੂੰ ਖੇਡ ਵਿਧੀ ਰਾਹੀਂ ਅੰਜਾਮ ਦੇਣ ਲਈ ਆਕਰਸਕ ਸਮੱਗਰੀ ਬਹੁਤ ਹੀ ਉਸਾਰੂ ਭੂਮਿਕਾ ਨਿਭਾ ਰਹੀ ਹੈ ਅਤੇ ਸਮੂਹ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ-1 ਤੇ ਪ੍ਰੀ-ਪ੍ਰਾਇਮਰੀ-2 ਦੀਆਂ ਕਲਾਸਾਂ ਸੁਚਾਰੂ ਰੂਪ ਨਾਲ ਲੱਗਣ ਲੱਗ ਗਈਆਂ ਹਨ।