Tulsi side effects: ਤੁਲਸੀ ਦੀ ਵਰਤੋਂ ਆਯੁਰਵੈਦ ‘ਚ ਦਵਾਈ ਦੇ ਤੌਰ ਤੇ ਕੀਤੀ ਜਾਂਦੀ ਹੈ। ਐਂਟੀ-ਬੈਕਟਰੀਅਲ, ਐਂਟੀ ਆਕਸੀਡੈਂਟ ਗੁਣਾਂ ਨਾਲ ਭਰਪੂਰ ਤੁਲਸੀ ਸਰਦੀ-ਖੰਘ, ਜ਼ੁਕਾਮ, ਸਕਿਨ ਇੰਫੈਕਸ਼ਨ ਤੋਂ ਲੈ ਕੇ ਇਮਿਊਨਿਟੀ ਵਧਾਉਣ ‘ਚ ਬਹੁਤ ਮਦਦਗਾਰ ਹੈ। ਕੋਰੋਨਾ ਪੀਰੀਅਡ ‘ਚ ਇਮਿਊਨਿਟੀ ਵਧਾਉਣ ਲਈ ਤੁਲਸੀ ਦੇ ਕਾੜੇ ਦਾ ਬਹੁਤ ਸੇਵਨ ਕੀਤਾ ਗਿਆ ਪਰ ਜਿੱਥੇ ਹਰ ਚੀਜ਼ ਦੇ ਫਾਇਦੇ ਹੁੰਦੇ ਹਨ ਉੱਥੇ ਹੀ ਇਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਉਸੀ ਤਰ੍ਹਾਂ ਗਲਤ ਤਰੀਕੇ ਅਤੇ ਮਾਤਰਾ ‘ਚ ਖਾਧੀ ਤੁਲਸੀ ਵੀ ਤੁਹਾਨੂੰ ਕਈ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦੀ ਹੈ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਲਈ ਤੁਲਸੀ ਦਾ ਸੇਵਨ ਬਹੁਤ ਨੁਕਸਾਨਦੇਹ ਹੋ ਸਕਦਾ ਹੈ।
ਤੁਲਸੀ ਖਾਣ ਦਾ ਸਹੀ ਸਮਾਂ: ਆਮ ਤੌਰ ‘ਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਨਾਲ ਪਚਾਉਣ ‘ਚ ਮੁਸ਼ਕਲ ਹੁੰਦੀ ਹੈ ਇਸ ਲਈ ਖਾਣੇ ਤੋਂ ਬਾਅਦ ਇਸ ਦਾ ਸੇਵਨ ਬਿਲਕੁਲ ਨਾ ਕਰੋ। ਇਸ ਨਾਲ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਤੁਲਸੀ ਤਿੰਨ ਤਰ੍ਹਾਂ ਦੀ ਹੁੰਦੀ ਹੈ ਰਾਮ ਤੁਲਸੀ (ਬ੍ਰਾਈਟ ਗ੍ਰੀਨ ਕਲਰ ਦੇ ਪੱਤੇ), ਸ਼ਾਮ ਤੁਲਸੀ (ਛੋਟੇ ਡਾਰਕ ਹਰੇ ਰੰਗ ਦੇ ਪੱਤੇ), ਕਾਲੀ ਤੁਲਸੀ (ਛੋਟੇ ਡਾਰਕ ਪੱਤੇ)। ਆਮ ਤੌਰ ‘ਤੇ ਘਰਾਂ ‘ਚ ਰਾਮ ਅਤੇ ਸ਼ਾਮ ਤੁਲਸੀ ਪਾਈ ਜਾਂਦੀ ਹੈ ਪਰ ਆਯੁਰਵੈਦ ‘ਚ ਕਾਲੀ ਤੁਲਸੀ ਦੀ ਵਰਤੋਂ ਕੀਤੀ ਜਾਂਦੀ ਹੈ। ਤੁਲਸੀ ਦੇ ਬੀਜ ਵੀ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ ਜਿਸ ਨੂੰ ਤੁਸੀਂ ਪਾਊਡਰ ਦੀ ਤਰ੍ਹਾਂ ਵੀ ਖਾ ਸਕਦੇ ਹੋ। ਤੁਲਸੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਗਰਮੀਆਂ ‘ਚ ਇਸ ਦਾ ਜ਼ਿਆਦਾ ਸੇਵਨ ਨਾ ਕਰੋ। ਸਰਦੀਆਂ ‘ਚ ਤੁਸੀਂ ਇਸ ਦੀ ਚਾਹ ਜਾਂ ਕਾੜਾ ਬਣਾ ਕੇ ਪੀ ਸਕਦੇ ਹੋ ਪਰ ਲਿਮਿਟ ‘ਚ।
ਜੇ ਤੁਸੀਂ ਵੀ ਤੁਲਸੀ ਦੇ ਨੁਕਸਾਨ ਨਹੀਂ ਜਾਣਦੇ ਹੋ ਤਾਂ ਇਸ ਖ਼ਬਰ ਨੂੰ ਜ਼ਰੂਰ ਪੜ੍ਹੋ…
ਖੂਨ ਨੂੰ ਪਤਲਾ ਕਰ ਸਕਦੀ ਹੈ ਤੁਲਸੀ: ਤੁਲਸੀ ‘ਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਸ ਨਾਲ ਖੂਨ ਪਤਲਾ ਹੁੰਦਾ ਹੈ। ਅਜਿਹੇ ‘ਚ ਜੇ ਤੁਹਾਨੂੰ ਖੂਨ ਨਾਲ ਸਬੰਧਤ ਕੋਈ ਸਮੱਸਿਆ ਹੈ ਤਾਂ ਇਸ ਦਾ ਸੇਵਨ ਬਿਲਕੁਲ ਨਾ ਕਰੋ। ਉੱਥੇ ਹੀ ਖੂਨ ਜਮਾਉਣ ਵਾਲੀਆਂ ਦਵਾਈਆਂ ਨਾਲ ਵੀ ਇਸ ਦਾ ਸੇਵਨ ਨਾ ਕਰੋ। ਬੇਸ਼ਕ ਤੁਲਸੀ ਦਾ ਸੇਵਨ ਇਮਿਊਨਿਟੀ ਵਧਾਉਂਦਾ ਹੈ ਪਰ ਜਿਨ੍ਹਾਂ ਲੋਕਾਂ ਦੀ ਸਰਜਰੀ ਹੋਈ ਹੈ ਉਨ੍ਹਾਂ ਨੂੰ ਤੁਲਸੀ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਜਰੀ ਤੋਂ ਪਹਿਲਾਂ ਜਾਂ ਉਸ ਦੌਰਾਨ ਤੁਲਸੀ ਨਾ ਖਾਓ। ਇਸ ਨਾਲ ਖੂਨ ਦੇ ਜੰਮਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ ਜਿਸ ਨਾਲ ਜ਼ਿਆਦਾ ਖੂਨ ਵਹਿਣ ਦਾ ਖ਼ਤਰਾ ਰਹਿੰਦਾ ਹੈ।
ਹਾਈਪੋਥਾਈਰੋਡਿਜ਼ਮ: ਜੇ ਤੁਸੀਂ ਹਾਈਪੋਥਾਈਰੋਡਿਜ਼ਮ ਤੋਂ ਪੀੜਤ ਹੋ ਤਾਂ ਤੁਲਸੀ ਲੈਣ ਤੋਂ ਪਰਹੇਜ਼ ਕਰੋ। ਇਸ ਨਾਲ ਥਾਇਰੋਕਸਾਈਨ ਲੈਵਲ ਘੱਟ ਹੋ ਜਾਂਦਾ ਹੈ ਜੋ ਕਿ ਹਾਈਪੋਥਾਈਰੋਡਿਜ਼ਮ ਦੇ ਮਰੀਜ਼ਾਂ ਲਈ ਸਹੀ ਨਹੀਂ ਹੁੰਦਾ। ਇਸ ਨਾਲ ਸਰੀਰ ‘ਚ ਬਲੱਡ ਸ਼ੂਗਰ ਦੀ ਮਾਤਰਾ ਘੱਟ ਹੋ ਜਾਂਦੀ ਹੈ ਇਸ ਲਈ ਸ਼ੂਗਰ ਤੋਂ ਪੀੜ੍ਹਤ ਲੋਕ, ਜੋ ਦਵਾਈ ਲੈ ਰਹੇ ਹਨ ਉਨ੍ਹਾਂ ਨੂੰ ਵੀ ਤੁਲਸੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਦਰਕ ਤੁਲਸੀ ਚਾਹ ਦਾ ਜ਼ਿਆਦਾ ਸੇਵਨ ਕਰਨ ਨਾਲ ਛਾਤੀ ‘ਚ ਜਲਣ, ਐਸਿਡਿਟੀ ਅਤੇ ਪੇਟ ‘ਚ ਜਲਣ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਪ੍ਰੈਗਨੈਂਸੀ ‘ਚ ਸੇਵਨ ਨਾ ਕਰੋ: ਇਸ ਤੋਂ ਇਲਾਵਾ ਪ੍ਰੈਗਨੈਂਸੀ ‘ਚ ਵੀ ਤੁਲਸੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ‘ਚ ਮੌਜੂਦ ਯੂਜੇਨੌਲ ਤੱਤ ਗਰੱਭਾਸ਼ਯ ਦੇ ਸੁੰਗੜਨ ਅਤੇ ਮਾਹਵਾਰੀ ਸ਼ੁਰੂ ਹੋਣ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਗਰਭਪਾਤ ਜਾਂ ਸਮੇਂ ਤੋਂ ਪਹਿਲਾਂ ਦੀ ਡਿਲੀਵਰੀ ਦਾ ਖ਼ਤਰਾ ਵੱਧ ਜਾਂਦਾ ਹੈ। ਖ਼ਾਸਕਰ ਸ਼ੁਰੂਆਤੀ ਮਹੀਨੇ ‘ਚ ਤੁਲਸੀ ਦਾ ਸੇਵਨ ਬਿਲਕੁਲ ਨਾ ਕਰੋ। ਖੋਜ ਦੇ ਅਨੁਸਾਰ ਜ਼ਿਆਦਾ ਮਾਤਰਾ ‘ਚ ਤੁਲਸੀ ਦਾ ਸੇਵਨ ਔਰਤਾਂ ਅਤੇ ਮਰਦ ਦੋਵਾਂ ‘ਚ ਫਰਟੀਲਿਟੀ ਨੂੰ ਰੋਕਦਾ ਹੈ। ਇਸ ਨਾਲ ਪੁਰਸ਼ਾਂ ‘ਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਜਾਂਦੀ ਹੈ ਜਦੋਂ ਕਿ ਔਰਤਾਂ ਦੇ ਫਰਟੀਲਾਈਜਡ ਐੱਗ ਦੇ ਯੂਟਰਸ ਨਾਲ ਜੁੜੇ ਹੋਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ।